ਸਵਰਨਕਾਰ ਸੰਘ ਵੱਲੋਂ ਕੇਂਦਰ ਦੇ ਨਾਮ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦਿੱਤਾ ਮੰਗ ਪੱਤਰ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚੋਂ ਵਪਾਰੀ ਵਰਗ ਨੂੰ ਬਰਬਾਦ ਕਰ ਦਿੱਤਾ: ਮੰਤਰੀ ਧਰਮਸੋਤ, ਹਰੀ ਕ੍ਰਿਸ਼ਨ ਸੇਠ
ਨਾਭਾ 24 ਅਗਸਤ (ਵਰਿੰਦਰ ਵਰਮਾ) ਸਥਾਨਕ ਨਾਭਾ ਦੀ ਧਰਮਸ਼ਾਲਾ ਵਿਖੇ ਸਵਰਨਕਾਰ ਸੰਘ ਨਾਭਾ ਤੇ ਪੰਜਾਬ ਦੇ ਮੈਂਬਰਾਂ ਨੇ ਸੰਘ ਦੇ ਸੂਬਾ ਜਨਰਲ ਸਕੱਤਰ ਹਰੀ ਕ੍ਰਿਸ਼ਨ ਸੇਠ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ। ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਸ਼ਿਰਕਤ ਕੀਤੀ। ਉਥੇ ਉਨ੍ਹਾਂ ਨੇ ਸਵਰਨਕਾਰ ਸੰਘ ਦੀਆਂ ਮੁਸ਼ਕਲਾਂ ਨੁੰ ਸੁਣਿਆਂ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਜੈ ਜਵਾਨ-ਜੈ ਕਿਸਾਨ ਹਨ। ਜਿੱਥੇ ਕਿਸਾਨ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਕੇ ਦੇਸ਼ ਦੀ ਅਨਾਜ ਪੈਦਾ ਕਰਦਾ ਹੈ, ਉੱਥੇ ਹੀ ਸਰਹੱਦਾਂ ਤੇ ਦੇਸ਼ ਦੀ ਰਾਖੀ ਲਈ ਜਵਾਨ ਆਪਣੀਆਂ ਕੁਰਬਾਨੀਆਂ ਦਿੰਦੇ ਹਨ। ਪ੍ਰੰਤੂ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਏ ਦਿਨ ਨਵੇਂ ਤੋਂ ਨਵਾਂ ਕਾਨੂੰਨ ਪਾਸ ਕਰਦਿਆਂ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਬਰਬਾਦ ਕਰਨ ਦੇ ਰਾਹ ਤੁਰੀ ਹੈ। ਸ. ਧਰਮਸੋਤ ਨੇ ਕਿਹਾ ਕਿ ਜਿੱਥੇ ਸਵਰਨਕਾਰ ਜੋ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ ਤੇ ਉਨ੍ਹਾਂ ਤੇ ਹੋਰ ਨਵੇਂ ਟੈਕਸ ਤੇ ਨਵੇਂ ਕਾਨੂੰਨਾਂ ਰਾਹੀਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਵਰਨਕਾਰ ਸੰਘ ਵੱਲੋਂ ਕੇਂਦਰ ਸਰਕਾਰ ਦੇ ਨਾਂਮ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਐਸ.ਡੀ.ਐਮ. ਕੰਨੂ ਗਰਗ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਮੰਤਰੀ ਧਰਮਸੌਤ ਅਤੇ ਐਸ.ਡੀ.ਐਮ. ਕੰਨੂ ਗਰਗ ਨੇ ਸਵਰਨਕਾਰ ਸੰਘ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਮੌਕੇ ਸਵਰਨਕਾਰ ਸੰਘ ਦੇ ਆਗੂ ਹਰੀ ਕ੍ਰਿਸ਼ਨ ਸੇਠ ਨੇ ਕੈਬਨਿਟ ਮੰਤਰੀ ਵੱਲੋਂ ਦਿੱਤੀ ਗਰਾਂਟ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਨਾਭਾ ਰਜੇਸ਼ ਛਿੱਬਰ, ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਸੰਜੀਵ ਕੁਮਾਰ ਸ਼ਿਲਪਾ, ਕੁਲਦੀਪ ਬੱਬਰ, ਕੇਵਲ ਕ੍ਰਿਸ਼ਨ ਕੌਮੀ, ਸੁਰਜੀਤ ਵਰਮਾ, ਜਗਦੀਸ਼ ਵਰਮਾ, ਦੀਪਕ ਵਰਮਾ, ਚਰਨਪ੍ਰੀਤ ਵਰਮਾ, ਅੰਮ੍ਰਿਤ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਵਰਨਕਾਰ ਸੰਘ ਦੇ ਅਹੁਦੇਦਾਰ ਮੌਜੂਦ ਸਨ।