ਮੱਖੀਆਂ-ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕਰਵਾਉਣ ਦੀ ਕੀਤੀ ਮੰਗ

ਸਾਬਕਾ ਪ੍ਰਧਾਨ ਨੇ ਪ੍ਰਦੂਸ਼ਣ ਬੋਰਡ ਦੀ ਟੀਮ ਨੂੰ ਗੰਦੇ ਟੋਭਿਆਂ ਦਾ ਦੌਰਾ ਨਹੀਂ ਕਰਵਾਉਣ ਦੇ ਲਗਾਏ ਦੋਸ਼
ਖਮਾਣੋਂ 24 ਅਗਸਤ (ਰਵਿੰਦਰ ਸਿੰਘ ਸਿੱਧੂ) ਨਗਰ ਪੰਚਾਇਤ ਖਮਾਣੋਂ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਮਨਦੀਪ ਕੌਰ ਦੇ ਪਤੀ ਬਲਮਜੀਤ ਸਿੰਘ ਪ੍ਰਿੰਸੀ ਨੇ ਨਗਰ ਪੰਚਾਇਤ ਖਮਾਣੋਂ ਤੇ ਬਰਸਾਤੀ ਮੌਸਮ ਦੌਰਾਨ ਲੰਮੇ ਸਮੇਂ ਤੋਂ ਮੱਖੀਆਂ, ਮੱਛਰਾਂ ਤੋਂ ਬਚਾਅ ਲਈ ਫੌਗਿੰਗ ਨਾ ਕਰਵਾਏ ਜਾਣ ਅਤੇ ਪ੍ਰਦੂਸ਼ਣ ਬੋਰਡ ਦੀ ਟੀਮ ਵੱਲੋਂ ਸ਼ਹਿਰ ਦੇ ਕੀਤੇ ਗਏ ਵੱਖ-ਵੱਖ ਟੋਭਿਆਂ ਦੇ ਦੌਰੇ ਦੌਰਾਨ ਗੰਦੇ ਟੋਭਿਆਂ ਨੂੰ ਉਪਰੋਕਤ ਟੀਮ ਦੀਆਂ ਅੱਖਾਂ ਤੋਂ ਓਹਲੇ ਰੱਖਣ ਦੇ ਕਥਿਤ ਤੌਰ ਤੇ ਗੰਭੀਰ ਇਲਜ਼ਾਮ ਲਗਾਏ ਹਨ।
ਸ. ਪ੍ਰਿੰਸੀ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਮੱਖੀ ਮੱਛਰ ਤੋਂ ਬਚਾਅ ਲਈ ਅਪ੍ਰੈਲ, ਮਈ ਮਹੀਨੇ ਤੋਂ ਬਾਅਦ ਸ਼ਹਿਰ ਦੇ ਕਿਸੇ ਵਾਰਡ ਜਾਂ ਹੋਰ ਕਿਸੇ ਜਨਤਕ ਥਾਂਵਾਂ ਤੇ ਕਿਤੇ ਵੀ ਫੌਗਿੰਗ ਨਹੀਂ ਕੀਤੀ ਗਈ ਹੈ। ਜਦੋਂ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਸ ਸਬੰਧੀ ਨਗਰ ਪੰਚਾਇਤ ਦੇ ਕਰਮੀਆਂ ਵੱਲੋਂ ਕਥਿਤ ਤੌਰ ਤੇ ਕਾਗਜ਼ਾਤ ਵਿਚ ਅਗਸਤ ਮਹੀਨੇ ਤੱਕ ਫੌਗਿੰਗ ਕੀਤੇ ਜਾਣ ਸਬੰਧੀ ਕਾਰਵਾਈ ਪਾਏ ਹੋਏ ਜਾਣਦੀ ਉਮੀਦ ਹੈ।
ਇਸ ਤੋਂ ਇਲਾਵਾ ਪ੍ਰਿੰਸੀ ਨੇ ਦੱਸਿਆ ਕਿ ਲੰਘੇ ਦਿਨ ਪੰਜਾਬ ਪ੍ਰਦੂਸ਼ਣ ਬੋਰਡ ਕੰਟਰੋਲ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਟੋਭਿਆਂ ਦੀ ਸਥਿਤੀ ਜਾਣਨ ਲਈ ਕੀਤੇ ਗਏ ਦੌਰੇ ਦੌਰਾਨ ਨਗਰ ਪੰਚਾਇਤ ਦੇ ਕਈ ਗੰਦੇ ਟੋਭੇ ਜਿਨ੍ਹਾਂ ਦਾ ਕਿ ਪਾਣੀ ਵੀ ਪੂਰੀ ਤਰ੍ਹਾਂ ਕਾਲਾ ਹੋ ਚੁੱਕਾ ਹੈ, ਉਨ੍ਹਾਂ ਦਾ ਵਿਭਾਗੀ ਟੀਮ ਨੂੰ ਦੌਰਾ ਹੀ ਨਹੀਂ ਕਰਵਾਏ ਜਾਣ ਦਾ ਸ਼ੱਕ ਵੀ ਹੈ। ਇਸ ਲਈ ਉਹ ਸਬੰਧਤ ਵਿਭਾਗ ਤੋਂ ਸ਼ਹਿਰ ਦੇ ਗੰਦੇ ਟੋਭਿਆਂ ਦੀ ਸਥਿਤੀ ਜਾਨਣ ਲਈ ਮੁੜ ਤੋਂ ਦੌਰਾ ਕਰਨ ਅਤੇ ਸ਼ਹਿਰ ਵਿੱਚ ਫੌਗਿੰਗ ਤੁਰੰਤ ਕਰਵਾਏ ਜਾਣ ਦੀ ਮੰਗ ਕਰਦੇ ਹਨ ।