
ਇਸ ਸਮੇਂ ਪੰਜਾਬ ‘ਚ ਚੋਣਾਂ ਦਾ ਮਾਹੌਲ ਪੂਰੀ ਤਰਾਂ ਨਾਲ ਭੱਖ ਚੁੱਕਿਆ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਚੋਣਾਂ ਹੋਣਗੀਆਂ ‘ਤੇ 10 ਮਾਰਚ ਨੂੰ ਨਤੀਜੇ ਆਉਣਗੇ। ਹੁਣ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਤਾਂ ਬਰਸਾਤ ਤੇ ਕੜਾਕੇ ਦੀ ਪੈ ਰਹੀ ਠੰਡ ਵੀ ਚੋਣਾਂ ਦੀ ਗਰਮੀ ਨੂੰ ਸ਼ਾਂਤ ਕਰਨ ‘ਚ ਅਸਮਰੱਥ ਜਾਪ ਰਹੀ ਹੈ। ਜਿੱਥੇ ਦਲ-ਬਦਲੀ ਕਰਨ ਲਈ ਵੱਡੇ-ਵੱਡੇ ਲੀਡਰ ਵੀ ਪ੍ਰਾਹੁਣੇ ਦੀ ਤਰ੍ਹਾਂ ਵਿਆਹ ‘ਚ ਗੰਢੇ ਲਈ ਰੁੱਸ ਕੇ ਭੱਜਣ ਲਈ ਰਾਹ ਭਾਲ ਰਹੇ ਹਨ। ਉੱਥੇ ਹੀ ਰਾਜਨੀਤਕ ਪਾਰਟੀਆਂ ਵੀ ਲੀਡਰਾਂ ਲਈ ਤਰਲੋਮੱਛੀ ਹੋ ਰਹੀਆਂ ਹਨ। ਪਰ ਇਸ ਵੇਲੇ ਤੱਕ ਦੀ ਜੋ ਸਥਿਤੀ ਹੈ, ਉਸ ਦਾ ਸਾਫ ਤੇ ਨਿਰਪੱਖ ਆਕਲਨ ਕਰਨਾ ਬਹੁਤ ਹੀ ਅਹਿਮ ਹੈ।
ਪੰਜਾਬ ਦੀਆਂ 117 ਸੀਟਾਂ ਦੀ ਵਿਧਾਨ ਸਭਾ ‘ਚ ਪਿਛਲੀ ਵਾਰ ਕਾਂਗਰਸ ਨੇ ਇਕਤਰਫਾ ਹੀ ਬਾਜੀ ਮਾਰ ਲਈ ਸੀ। ਜਿਸ ਦਾ ਕਾਰਨ ਸੀ ਕੈਪਟਨ ਦੀ ਪਹਿਲੀ ਸਰਕਾਰ ‘ਚ ਬਣੀ ਕਰਿਸ਼ਮਾਈ ਸ਼ਖਸੀਅਤ, ‘ਪ੍ਰਸ਼ਾਂਤ ਕਿਸ਼ੋਰ’ ਦੀ ਵਿਸ਼ੇਸ਼ ਰਣਨੀਤੀ (ਜੋ ਗੱਪਾਂ ਦਾ ਪੁਲੰਦਾ ਹੀ ਵੱਧ ਸੀ), ਭ੍ਰਿਸ਼ਟਾਚਾਰ ਬੇਅਦਬੀ ਤੇ ਨਸ਼ੇ ਕਾਰਨ ਲੋੜੇ ਦੀ ਬਦਨਾਮੀ ਕਾਰਨ ਬੇਕਫੁਟ ਤੇ ਆਇਆ ਅਕਾਲੀ-ਭਾਜਪਾ ਗਠਬੰਧਨ (ਹਾਲਾਂਕਿ ਇਸ ਬਦਨਾਮੀ ਦਾ ਵੱਡਾ ਕਾਰਨ ਆਪ ਦਾ ਆਈ ਟੀ ਸੈਲ ਸੀ) ਅਤੇ ਚੋਣਾਂ ਦੇ ਅਖੀਰਲੇ ਦਿਨਾਂ ‘ਚ ਆਪ ਦੇ ਬੇਵਕੂਫੀ ਭਰੇ ਫੈਸਲੇ। ਪਿਛਲੀ ਵਾਰ ਤਾਂ ਆਪ ਦੀ ਵਾਕਈ ਹਵਾ ਸੀ, ਪਰ ਉਹ ਇਸ ਨੂੰ ਭੁਨਾਉਣ ‘ਚ ਕਾਮਯਾਬ ਨਹੀਂ ਹੋ ਸਕੇ।
ਹੁਣ ਕੁੱਝ ਕੁ ਪ੍ਰਮੁੱਖ ਸਵਾਲ ਨੇਂ, ਕਿ ਇਸ ਵਾਰ ਵੀ ਆਪ ਦੀ ਓਹੀ ਹਵਾ ਹੈ ? ਕੀ ਕਾਂਗਰਸ ਤੇ ਅਕਾਲੀ ਦਲ ਦਾ ਸੱਚੀ ਇੰਨਾਂ ਵਿਰੋਧ ਹੈ, ਜਿੰਨਾ ਸੋਸ਼ਲ ਮੀਡੀਆ ਤੇ ਹੈ ? ਕੀ ਬੀਜੇਪੀ-ਕੈਪਟਨ-ਢੀਂਡਸਾ ਗਠਜੋੜ ਵੀ ਕੁਝ ਹਾਸਲ ਕਰੇਗਾ ? ਕੀ ਡੇਰੇ ਦੀਆਂ ਵੋਟਾਂ ਜਿੱਤ-ਹਾਰ ਤੈਅ ਕਰਨਗੀਆਂ ? ਆਓ ਇੱਕ-ਇੱਕ ਕਰਕੇ ਜਵਾਬ ਲੈਂਦੇ ਹਾਂ।
ਦਿੱਲੀ ਤੋਂ ਬਾਅਦ ਪੂਰੇ ਦੇਸ਼ ‘ਚ ਆਪ ਦੇ ਪੈਰ ਸਿਰਫ ਪੰਜਾਬ ‘ਚ ਹੀ ਲੱਗੇ ਹਨ। ਪਰ ਇਸ ਵਾਰ ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਆਪ ਦੀ ਹਵਾ ਸੋਸ਼ਲ ਮੀਡੀਆ ਤੇ ਹੀ ਵੱਧ ਹੈ, ਗਰਾਉਂਡ ਤੇ ਕੁੱਝ ਖਾਸ ਨਜ਼ਰ ਨਹੀਂ ਆ ਰਹੀ। ਹਾਲਾਂਕਿ ਮਾਲਵੇ ‘ਚ ਆਪ ਦਾ ਪ੍ਰਦਰਸ਼ਨ ਠੀਕ-ਠਾਕ ਰਹੇਗਾ। ਖਾਸਕਰ ਸੰਗਰੂਰ, ਮੋਗਾ, ਬਰਨਾਲਾ, ਫਰੀਦਕੋਟ ਤੇ ਬਠਿੰਡੇ ਜਿਲੇ ‘ਚ ਪਰ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹੇ ‘ਚ ਆਪ ਦੀ ਸਥਿਤੀ ਕਾਫੀ ਨਾਜ਼ੁਕ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦੇ ਚੋਣਾਂ ‘ਚ ਕੁੱਦਣ ਦਾ ਵੀ ਸਭ ਤੋਂ ਵੱਧ ਨੁਕਸਾਨ ਆਪ ਨੂੰ ਝੱਲਣਾ ਪਵੇਗਾ। ਕਿਉਂਕਿ ਟਿਕਟਾਂ ਦੀ ਵੰਡ ਤੋਂ ਬਾਅਦ ਜਿਆਦਾਤਰ ਆਪ ਦੇ ਬਾਗੀ ਉਮੀਦਵਾਰ ਹੀ ਕਿਸਾਨਾਂ ਦੀ ਪਾਰਟੀ ਦੇ ਉਮੀਦਵਾਰ ਹੋਣਗੇ। ਹੁਣ ਤੱਕ ਮਾਝੇ ਤੇ ਦੁਆਬੇ ‘ਚ ਵੀ ਕੁਲ ਮਿਲਾ ਕੇ ਆਪ ਦੀ ਸਥਿਤੀ ਨੰਬਰ ਇਕ ਦੀ ਤਾਂ ਨਹੀਂ ਕਹਿ ਸਕਦੇ, ਹਾਂ ਅਗਲੇ 15 ਦਿਨਾਂ ‘ਚ ਸਥਿਤੀ ਤਬਦੀਲ ਵੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਭਗਵੰਤ ਮਾਨ ਨੂੰ ਹੁਣ ਤੱਕ ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨਣਾ, ਪਾਰਟੀ ਦੇ ਵਿਧਾਇਕਾਂ ਦੀ ਦਲਬਦਲੀ, ਟਿਕਟਾਂ ਦੀ ਗਲਤ ਵੰਡ, ਬਿਕਰਮਜੀਤ ਮਜੀਠੀਆ ਤੋਂ ਕੇਜਰੀਵਾਲ ਦੀ ਮੁਆਫੀ ਦਾ ਮੁੱਦਾ ਤੇ ਆਪ ‘ਚ ਹੋ ਰਹੀ ਬਗਾਵਤ ਕਾਰਨ ਜੇਕਰ ਕੋਈ ਅੱਜ ਦੀ ਘੜੀ ਕਹਿੰਦਾ ਹੈ ਕਿ ਆਪ ਦੀ ਨਿਰੋਲ ਸਰਕਾਰ ਪੰਜਾਬ ‘ਚ ਆਵੇਗੀ ਤਾਂ ਇਹ ਬਿਲਕੁਲ ਹਾਸੋਹੀਣੀ ਗੱਲ ਹੀ ਜਾਪਦੀ ਹੈ। ਕਿਉਂਕਿ ਮਾਝੇ ਤੇ ਦੁਆਬੇ ‘ਚ ਵਿਰੋਧ ਦੇ ਬਾਵਜੂਦ ਵੀ ਜਿੱਥੇ ਕਾਂਗਰਸ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਕਈ ਥਾਵਾਂ ਤੇ ਅਕਾਲੀ ਦਲ ਤੇ ਕੁਝ ਹਿਮਾਚਲ ਲਾਗੇ ਦੀਆਂ ਸੀਟਾਂ ਤੇ ਬੀਜੇਪੀ ਗਠਜੋੜ ਵੀ ਜਿੱਤ ਸਕਦਾ ਹੈ।
ਹੁਣ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਮੌਜੂਦਾ ਸਰਕਾਰ ਦਾ ਵਿਰੋਧ ਹਮੇਸ਼ਾ ਹੀ ਹੁੰਦਾ ਆਇਆ ਹੈ। ਜੇਕਰ ਕਾਂਗਰਸ ਦੇ ਵਿਰੋਧ ਦੀ ਗੱਲ ਕਰੀਏ ਤਾਂ ਬੇਰੁਜ਼ਗਾਰਾਂ, ਕੱਚੇ-ਪੱਕੇ ਮੁਲਾਜ਼ਮਾਂ ਤੇ ਹੋਰ ਵੀ ਵੱਖ-ਵੱਖ ਵਰਗਾਂ ‘ਚ ਵੱਡਾ ਵਿਰੋਧ ਸਾਫ ਨਜ਼ਰ ਆ ਰਿਹਾ ਹੈ। ਪਰ ਇਹ ਵਿਰੋਧ ਕਾਂਗਰਸ ਦਾ ਸੂਪੜਾ ਸਾਫ ਕਰ ਦੇਵੇਗਾ, ਇਹ ਗੱਲ ਵੀ ਠੀਕ ਨਹੀਂ ਹੈ। ਇਸ ਸਮੇਂ ਕਾਂਗਰਸ ਦਾ ਵਿਰੋਧ ਵੋਟ ਵੱਖ-ਵੱਖ ਪਾਰਟੀਆਂ ‘ਚ ਵੰਡਿਆ ਜਾ ਰਿਹਾ ਹੈ, ਕਿਉਂਕਿ ਹੁਣ ਤੱਕ ਸਾਹਮਣੇ ਕੋਈ ਵੀ ਇਕ ਖਾਸ ਵਿਰੋਧੀ ਪਾਰਟੀ ਮਜ਼ਬੂਤੀ ਨਾਲ ਉਭਰਨ ‘ਚ ਨਾਕਾਮ ਰਹੀ ਹੈ। ਪਰ ਕਾਂਗਰਸ ਦਾ ਆਪਸੀ ਕਲੇਸ਼ ਕਈ ਜਿੱਤੀਆਂ ਸੀਟਾਂ ਵੀ ਹਰਾ ਸਕਦਾ ਹੈ।
ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਭਾਵੇਂ ਐਲਾਨ ਮੰਤਰੀ ਹੀ ਸਾਬਤ ਹੋਏ ਹਨ, ਪਰ ਚੰਨੀ ਸਾਬ੍ਹ ਦਾ ਨਿੱਜੀ ਵਿਰੋਧ ਬਿਲਕੁਲ ਨਹੀਂ ਹੈ। ਚਰਨਜੀਤ ਸਿੰਘ ਚੰਨੀ ਨੇਂ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਬਾਅਦ ਹੋਏ ਵਿਵਾਦ ਤੋਂ ਬਾਅਦ ਬਹਾਦਰੀ ਨਾਲ ਸਟੈਂਡ ਲੈ ਕੇ ਆਖਰੀ ਬਾਲ ਤੇ ਛੱਕਾ ਠੋਕ ਦਿੱਤਾ ਹੈ। ਹੁਣ ਜੇਕਰ ਕਾਂਗਰਸ ਵੀ ਚਰਨਜੀਤ ਸਿੰਘ ਚੰਨੀ ਨੂੰ ਅਗਲਾ ਸੀਐਮ ਚਿਹਰਾ ਐਲਾਨ ਦਿੰਦੀ ਹਾਂ ਤੇ ਪੰਜਾਬ ‘ਚ ਵਾਪਸੀ ਕਰਨ ਦੇ ਬਹੁਤ ਨੇੜੇ ਪਹੁੰਚ ਸਕਦੀ ਹੈ। ਕਿਉਂਕਿ ਜਿੱਥੇ ਪੰਜਾਬ ‘ਚ ਵੱਡੇ ਐਸਸੀ ਭਾਈਚਾਰੇ ਲਈ ਚੰਨੀ ਸਾਬ੍ਹ ‘ਸਾਡਾ ਚੰਨੀ’ ਬਣ ਕੇ ਉਭਰੇ ਹਨ ਤਾਂ ਉੱਥੇ ਹੀ ਇਸ ਸ਼ਖਸ ਵੱਲੋਂ ਵੱਡੇ ਪੱਤਰਕਾਰ ਸੁਧੀਰ ਚੌਧਰੀ ਤੇ ਆਜ ਤੱਕ ਦੇ ਵੱਡੇ ਘਾਗ ਪੱਤਰਕਾਰਾਂ ਦੀ ਬੋਲਤੀ ਬੰਦ ਕਰਨ ਤੇ ਵੱਡੇ-ਵੱਡੇ ਕਾਂਗਰਸ ਵਿਰੋਧੀ ਤੇ ਬੁੱਧੀਜੀਵੀ ਵੀ ਸੋਸ਼ਲ ਮੀਡੀਆ ਤੇ ਆਪਣੀ ਤਸਵੀਰ ਦੀ ਥਾਂ ਚੰਨੀ ਦੀ ਤਸਵੀਰ ਲਾਈ ਬੈਠੇ ਹਨ। ਪਰ ਕਾਂਗਰਸ ਲਈ ਵੀ ਇਹ ਦੂਰ ਦੀ ਕੋੜੀ ਹੈ, ਕਿਉਂਕਿ ਕਾਂਗਰਸ ਨਵਜੋਤ ਸਿੱਧੂ, ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਰਵਨੀਤ ਬਿੱਟੂ ਤੇ ਆਸ਼ੂ ਵਰਗੇ ਵੱਡੇ ਲੀਡਰਾਂ ਦਾ ਆਪਸੀ ਤਾਲਮੇਲ ਕਾਇਮ ਰੱਖਣ ‘ਚ ਸ਼ਾਇਦ ਹੀ ਕਾਮਯਾਬ ਹੋ ਸਕੇ।
ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਹਵਾ ਜਾਂ ਇਕੱਲੇ ਸਰਕਾਰ ਬਣਾਉਣ ਦੀ ਸਥਿਤੀ ਤਾਂ ਨਹੀਂ ਹੈ, ਪਰ ਅਕਾਲੀ ਦਲ ਬਿਲਕੁਲ ਖਾਲੀ ਰਹੇਗਾ ਇਹ ਵੀ ਨਹੀਂ ਹੈ। ਕਿਸਾਨੀ ਅੰਦੋਲਨ ਕਾਰਨ ਬੀਜੇਪੀ ਨਾਲ ਗਠਜੋੜ ਟੁੱਟਣ ਤੇ ਸ਼ਹਿਰਾਂ ‘ਚ ਕਮਜ਼ੋਰ ਸਥਿਤੀ ਤੇ ਉਪਰੋਂ ਇੰਨੇ ਅਹਿਮ ਦਿਨਾਂ ‘ਚ ਬਿਕਰਮਜੀਤ ਮਜੀਠੀਆ ਦੀ ਜਮਾਨਤ ਨਾਂਹ ਹੋਣ ਤੇ ਰੂਪੋਸ਼ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਇਕੱਲੇ ਪੈ ਗਏ ਹਨ ਤੇ ਅਕਾਲੀ ਦਲ ਦਾ ਵੱਡਾ ਨੁਕਸਾਨ ਹੋ ਗਿਆ ਹੈ। ਅਕਾਲੀ ਦਲ ਪੰਜਾਬ ‘ਚ ਕਾਫੀ ਵੱਡੇ ਪੱਧਰ ਤੇ ਵੋਟਾਂ ਹਾਸਲ ਕਰੇਗਾ, ਕੁਝ ਸੀਟਾਂ ਵੀ ਜਿੱਤੇਗਾ। ਪਰ ਇਸ ਸਮੇਂ ਤੱਕ ਤਾਂ ਇਹ ਗਿਣਤੀ 30 ਸੀਟਾਂ ਤੋਂ ਉਪਰ ਨਹੀਂ ਕਹੀ ਜਾ ਸਕਦੀ। ਭਾਜਪਾ ਗਠਜੋੜ ਨੂੰ ਕਿਸਾਨਾਂ ਦੇ ਵਿਰੋਧ ਦਾ ਤਾਂ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਵੋਟਾਂ ਦੇ ਧਰੁਵੀਕਰਨ ਕਾਰਨ ਇਹ ਗਠਜੋੜ ਹਿੰਦੂ ਭਾਈਚਾਰੇ ਦੀਆਂ ਵੋਟਾਂ ਵੱਡੇ ਪੱਧਰ ਤੇ ਖਿੱਚਣ ‘ਚ ਕਾਮਯਾਬ ਹੋ ਸਕਦਾ ਹੈ। ਇਸ ਗਠਜੋੜ ਦਾ ਪੰਜਾਬ ‘ਚ ਵੋਟ ਸ਼ੇਅਰ ਹੈਰਾਨੀਜਨਕ ਰਹਿ ਸਕਦਾ ਹੈ ਭਾਵੇਂ ਸੀਟਾਂ ਬਹੁਤ ਘੱਟ ਆਉਣ।
ਭਾਜਪਾ ਹਾਈਕਮਾਨ ਵੱਲੋਂ ਕਾਂਗਰਸ ਦੇ ਸਥਾਪਿਤ ਨੇਤਾਵਾਂ ਨੂੰ ਲਗਾਤਾਰ ਆਪਣੇ ਨਾਲ ਖਿੱਚਣ ਦੀ ਲੜੀ ਚਲਾਈ ਗਈ ਸੀ। ਜਿਸ ਤਹਿਤ ਰਾਣਾ ਗੁਰਮੀਤ ਸਿੰਘ ਸੋਢੀ ਤੇ ਫਤਿਹਜੰਗ ਬਾਜਵਾ ਵਰਗੇ ਵੱਡੇ ਚੇਹਰੇ ਸ਼ਾਮਲ ਵੀ ਕੀਤੇ ਗਏ। ਪਰ ਵਿਧਾਇਕ ਹਰਦੀਪ ਲਾਡੀ ਦੀ ਪੁੱਠੀ ਛਾਲ ਮਾਰਨ ਤੇ ਇਹ ਲੜੀ ਟੁੱਟ ਚੁੱਕੀ ਹੈ। ਹਾਲਾਂਕਿ ਹੁਣ ਵੀ ਕਿਸੇ ਵੀ ਸਮੇਂ ਵੱਡੇ ਧਮਾਕੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਹ ਗਠਜੋੜ ਸਰਕਾਰ ਬਣਾਉਣ ਤੋਂ ਹੁਣ ਦੀ ਘੜੀ ਤਾਂ ਦੂਰ ਹੀ ਜਾਪ ਰਿਹਾ ਹੈ। ਕਿਸਾਨ ਅੰਦੋਲਨ ਦੀਆਂ ਕਈ ਜਥੇਬੰਦੀਆਂ ਵੱਲੋਂ ਵੀ ਗਠਜੋੜ ਕਰਕੇ ਸਾਰੀਆਂ ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਇਹ ਗਠਜੋੜ ਸਭ ਤੋਂ ਵੱਧ ਫਾਇਦਾ ਭਾਜਪਾ ਗਠਜੋੜ ਦਾ ਹੀ ਕਰੇਗਾ। ਕਿਸਾਨ ਗਠਜੋੜ ਅੱਜ ਦੀ ਘੜੀ ਹਰੇਕ ਸੀਟ ਤੇ ਹਜਾਰਾਂ ਵੋਟਾਂ ਬਟੋਰਨ ‘ਚ ਤਾਂ ਜਰੂਰ ਕਾਮਯਾਬ ਰਹੇਗਾ। ਪਰ ਸ਼ਾਇਦ ਹੀ ਕੋਈ ਸੀਟ ਅਜਿਹੀ ਹੋਵੇ, ਜਿੱਥੇ ਇਹ ਗਠਜੋੜ ਜਿੱਤ ਸਕਦਾ ਹੋਵੇ।
ਹੁਣ ਦੀ ਘੜੀ ਪੰਜਾਬ ‘ਚ ਇਕੱਲੇ ਕੋਈ ਵੀ ਪਾਰਟੀ ਸਰਕਾਰ ਬਣਾਉਣ ‘ਚ ਸ਼ਾਇਦ ਹੀ ਕਾਮਯਾਬ ਹੋਵੇ। ਸਿੱਧੀ ਤੇ ਸਾਫ ਸੀਟਾਂ ਦੀ ਗੱਲ ਕਰੀਏ ਤਾਂ ਲਗਭਗ 75 ਸੀਟਾਂ ਕਾਂਗਰਸ ਤੇ ਆਪ ਆਲਿਆਂ ਦੀ ਝੋਲੀ ਜਾ ਰਹੀਆਂ ਹਨ ਤੇ ਬਾਕੀ ਲਗਭਗ 40 ਸੀਟਾਂ ਤੇ ਅਕਾਲੀ ਦਲ, ਬੀਜੇਪੀ ਗਠਜੋੜ ਜਾਂ ਹੋਰ ਅਜ਼ਾਦ ਉਮੀਦਵਾਰ ਜਿੱਤ ਸਕਦੇ ਹਨ। ਜੇਕਰ ਕਾਂਗਰਸ ਦੀ ਟਿਕਟਾਂ ਦੀ ਵੰਡ ਤੋਂ ਬਾਅਦ ਵੀ ਕਾਂਗਰਸ ਆਪਸ ‘ਚ ਨਹੀਂ ਟੁੱਟਦੀ ਤੇ ਚੰਨੀ ਹੀ ਆਗੂ ਰਹੇ ਤਾਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ। ਹਾਲਾਂਕਿ ਪੰਜ ਸਾਲ ਕੋਈ ਵੀ ਕੰਮ ਨ੍ਹੀਂ ਹੋਇਆ, ਪਰ ਵੋਟਾਂ ਦੀ ਵੱਡੇ ਪੱਧਰ ਤੇ ਵੰਡ ਕਾਰਨ ਹਾਲ ਦੀ ਘੜੀ ਆਹੀ ਤਸਵੀਰ ਨਜ਼ਰ ਆ ਰਹੀ ਹੈ।
ਕਾਂਗਰਸ ਤੇ ਆਪ ਗਠਜੋੜ ਨਾਲ ਸਰਕਾਰ ਬਣਾ ਸਕਦੇ ਹਨ, ਕਿਉਂਕਿ ਹੋਰ ਕੋਈ ਗਠਜੋੜ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਬਾਕੀ ਡੇਰਿਆਂ ਦਾ ਕਿਸੇ ਵੀ ਪਾਰਟੀ ਨੂੰ ਸਮਰਥਨ, ਦਲਬਦਲੀ, ਬਗਾਵਤ ਤੇ ਹੋਰ ਕੋਈ ਵੱਡੀ ਅਣਸੁਖਾਵੀਂ ਘਟਨਾ, ਇਸ ਆਕਲਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਅਸ਼ੋਕ ਸੋਨੀ, ਕਾਲਮ ਨਵੀਸ
ਖੂਈ ਖੇੜਾ, ਫਾਜ਼ਿਲਕਾ
98727-05078