
ਬਠਿੰਡਾ 27 ਅਗਸਤ: ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਪਿੱਛਲੇ ਨੌ ਮਹੀਨੇਆਂ ਤੋਂ ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨ ਆਗੂਆ ਵਲੋਂ ਜਗਾਈ ਅਲਖ ਹੁਣ ਪਿੰਡਾਂ ਤੱਕ ਪਹੁੰਚ ਗਈ ਹੈ, ਤੇ ਲੋਕਾਂ ਨੇ ਇਕੱਠੇ ਹੋ ਕੇ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਆਉਣਾ ਤੋਂ ਪਹਿਲਾ ਆਪਣੇ ਹੋਣ ਵਾਲੇ ਹਾਲਾਤ ਦਾ ਖੁਦ ਜ਼ਿੰਮੇਵਾਰ ਹੋਣਾ ਕਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਇਕੱਠ ਕਰ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਵਿਰੋਧ ਵਿੱਚ ਪਿੰਡ ਵਿੱਚ ਬੈਨਰ ਲਾਏ ਗਏ।
ਇਸ ਮੌਕੇ ਕਿਸਾਨ ਆਗੂਆਂ ਬੇਅੰਤ ਸਿੰਘ, ਗੁਰਦੀਪ ਸਿੰਘ, ਜਨਕ ਸਿੰਘ, ਮਾਸਟਰ ਸੇਵਕ ਸਿੰਘ ਨੇ ਦੱਸਿਆ ਕਿ ਸੰਯੁਕਤ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਪਿੰਡ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਪੂਰਨ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਪਾਰਟੀਆਂ ਨੂੰ ਵੀ ਚਿਤਾਵਨੀ ਹੈ ਕਿ ਉਹ ਪਿੰਡ ਵਿੱਚ ਕੋਈ ਵੀ ਚੋਣ ਪ੍ਰਚਾਰ ਨਾਲ ਸਬੰਧਤ ਪ੍ਰੋਗਰਾਮ ਨਾ ਕਰਨ।
ਇਸ ਮੌਕੇ ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਪਾਰਟੀਆਂ ਦੇ ਜੋ ਇਕੱਠ ਉਹ ਪਿੰਡਾਂ ‘ਚ ਕਰਦੀਆਂ ਹਨ, ਉਸ ਦੀ ਬਜਾਏ ਉਹ ਕਿਸਾਨ ਮੋਰਚੇ ਵਿੱਚ ਲੋਕਾਂ ਨੂੰ ਭੇਜਣ ਤਾਂ ਜੋ ਕਿਸਾਨ ਅੰਦੋਲਨ ਵਿਚ ਲੋਕਾਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋਵੇ । ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੋ ਵੀ ਪਿੰਡ ਦਾ ਆਗੂ ਕਿਸੇ ਪਾਰਟੀ ਦੇ ਆਗੂਆਂ ਨੂੰ ਬੁਲਾਵੇਗਾ, ਉਸਦਾ ਜ਼ਿੰਮੇਵਾਰ ਉਹ ਖ਼ੁਦ ਹੋਵੇਗਾ।
ਇਸ ਮੌਕੇ ਭੋਲਾ ਸ਼ਰਮਾ, ਸਰਬਜੀਤ ਸਿੰਘ, ਭੋਲਾ ਸਿੰਘ ਢਿੱਲੋਂ, ਕਾਕਾ ਸਿੰਘ ਢਿੱਲੋਂ, ਜਗਦੀਪ ਸਿੰਘ, ਸੁਖਮੰਦਰ ਸਿੰਘ ਲੱਖੀ ਜੰਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਤੇ ਆਗੂ ਸ਼ਾਮਿਲ ਸਨ।