ਪੰਜਾਬਰਾਜਨੀਤੀ

‘ਗੁਰੂ ਰਾਮਦਾਸ ਸਰਾਂ’ ਨੂੰ ਢਾਹੁਣ ਦੇ ਹੁਕਮ ਵਾਪਸ ਲਵੇ ਸ਼੍ਰੋਮਣੀ ਕਮੇਟੀ: ਫੈਡਰੇਸ਼ਨ ਆਗੂ

ਫਾਜ਼ਿਲਕਾ/ਫਰੀਦਕੋਟ 2 ਅਗਸਤ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਮੁੜ ਉਸਾਰੀ ਅਤੇ ਨਵੀਨੀਕਰਨ ਦੇ ਨਾਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਗੁਰੂ ਰਾਮਦਾਸ ਸਰਾਂ’ ਨੂੰ ਢਾਹੁਣ ਜਾ ਰਹੀ ਹੈ । ਇਹ ‘ਸਰਾਂ’ ਬਾਕੀ ਹੋਰਨਾਂ ਸਰਾਵਾਂ ਵਰਗੀ ਸਰਾਂ ਨਹੀਂ ਹੈ, ਇਸ ਸਰਾਂ ਦੀ ਪੁਰਾਤਨ ਦਿੱਖ ਨੂੰ ਨੁਕਸਾਨ ਪਹੁੰਚਣ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਤੇ ਇਤਿਹਾਸਕ ਵਰਤਾਰਿਆਂ ਦੀ ਗਵਾਹੀ ਭਰ ਰਹੀ, ਭਾਰਤ ਵੰਡ ਤੋਂ ਪਹਿਲਾਂ ਦੀ ਉਸਰੀ ਇਹ ਇਮਾਰਤ ਹਮੇਸ਼ਾ ਲਈ ਚੁੱਪ ਵੱਟੀ ਲਵੇਗੀ। ਇਸ ਨੂੰ ਢਾਹਾ ਕਿ ਬਣੀ ਕਿਸੇ ਵੀ ਇਮਾਰਤ ਨੂੰ ਸਿੱਖ ਪੰਥ ਕਦੇ ਵੀ ਖਿੜੇ ਮੱਥੇ ਪਰਵਾਨ ਨਹੀਂ ਕਰੇਗਾ, ਭਾਂਵੇ ਉਹ ਕਿੰਨੀ ਵੀ ਆਧੁਨਿਕ ਢੰਗ ਨਾਲ ਕਿਉਂ ਨਾ ਬਣੀ ਹੋਵੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਅਤੇ ਭਾਈ ਜਗਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਵੱਲੋਂ ਪ੍ਰੈਸ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਕੀਤਾ ਗਿਆ।

ਭਾਈ ਦਲੇਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਇਹ ਦਲੀਲ ਦਿੱਤੀ ਗਈ ਹੈ ਕਿ ਇਹ ਕੋਈ ਇਤਿਹਾਸਕ ਇਮਾਰਤ ਨਹੀਂ। ਪਰ ਅਸਲ ਮਾਇਨਿਆਂ ਵਿੱਚ ਇਹ ਇਮਾਰਤ ਇਸ ਪੱਖੋਂ ਇਤਿਹਾਸਕ ਹੈ ਕਿ ਇਹ ਸ਼੍ਰੋਮਣੀ ਕਮੇਟੀ ਦੁਆਰਾ ਸਥਾਪਤ ਕੀਤੀ ਪਹਿਲੀ ਰਿਹਾਇਸ਼ ਗਾਹ ਹੈ। ਇਸ ਇਮਾਰਤ ਅੰਦਰ ਹੀ ਦਰਬਾਰ ਸਾਹਿਬ ਦੀ ਪਹਿਲੀ ਵੱਡੀ ਲਾਇਬਰੇਰੀ ਖੋਲੀ ਗਈ ਸੀ। ਸੰਨ ਸੰਤਾਲੀ ਦੀ ਵੰਡ ਵੇਲੇ ਉਜੜਿਆਂ ਨੇ ਇਥੇ ਹੀ ਪਨਾਹ ਲਈ ਸੀ। ਫਿਰ ਪੰਜਾਬੀ ਸੂਬੇ ਦੀ ਲੰਮੀ ਜੱਦੋ ਜਹਿਦ, ਧਰਮ ਯੁੱਧ ਮੋਰਚੇ ਤੇ ਜੂਨ 84 ਤੇ ਉਸਤੋਂ ਬਾਅਦ ਦੀਆਂ ਕਈ ਘਟਨਾਵਾਂ ਦੀਆਂ ਯਾਦਾਂ, ਇਹ ਇਮਾਰਤ ਆਪਣੀ ਬੁੁਕਲ ਵਿਚ ਸੰਭਾਲ ਕੇ ਬੈਠੀ ਹੈ।

ਭਾਈ ਜਗਮੀਤ ਸਿੰਘ ਨੇ ਕਿਹਾ ਕਿ ਦਾਰਸ਼ਨਿਕ ਅਤੇ ਦੂਰ ਦਰਿਸ਼ਟ ਲੋਕ ਆਪਣੀਆਂ ਪੁਰਾਤਨ ਇਮਾਰਤਾਂ ਨੂੰ ਜਿਉਂ ਦਾ ਤਿਉਂ ਸੰਭਾਲ ਕੇ ਰੱਖਦੇ ਹਨ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਇਤਿਹਾਸ ਨਾਲ ਜੁੜੀਆਂ ਰਹਿਣ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਸਮੇਂ ਦਰਬਾਰ ਸਾਹਿਬ ਵਿੱਚ ਕਾਰ ਸੇਵਾ ਦੇ ਨਾਮ ਤੇ ਦਰਸ਼ਨੀ ਦਿਓੜੀ ਦੇ ਦਰਵਾਜੇ ਤੱਕ ਲਾਹ ਲਏ ਗਏ। ਜੋ ਮੁੜ ਅੱਜ ਤੱਕ ਉਥੇ ਨਹੀਂ ਲਗਾਏ ਗਏ। ਇਸ ਦੇ ਉਲਟ ਜੂਨ ਚੁਰਾਸੀ ਵੇਲੇ ਦੀਆਂ ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ ਗਏ ਅਤੇ ਹੁਣ ਇਹ ‘ਸਰਾਂ’ ਨੂੰ ਵੀ ਢਾਹੁਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਦਾ ਵਿਰੋਧ ਹੋਣਾ ਵੀ ਸੁਭਾਵਿਕ ਹੈ, ਪਰ ਵਿਰੋਧ ਵਿੱਚ ਉਠ ਰਹੀਆਂ ਆਵਾਜਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਮੰਦਭਾਗਾ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਕਰਦੇ ਹਨ ਕਿ, ਇਸ ਉਸਾਰੀ ਦੇ ਹੁਕਮਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਸਿੱਖ ਸੰਗਤ ਵਿੱਚ ਉਠ ਰਹੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ।

Show More

Related Articles

Leave a Reply

Your email address will not be published.

Back to top button