
ਚੰਡੀਗੜ੍ਹ 20 ਸਤੰਬਰ (ਬਿਊਰੋ) ਕਾਂਗਰਸ ਹਾਈਕਮਾਨ ਵੱਲੋਂ ਸੱਭ ਸੂਤਰਾਂ ਨੂੰ ਫੇਲ ਕਰਕੇ ਅਤੇ ਪੰਜਾਬ ਕਾਂਗਰਸ ਦੇ ਚੱਲ ਰਹੇ ਰੇੜਕੇ ਦਰਮਿਆਨ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਕਾਂਗਰਸ ਦਾ ਪੰਜਾਬ ਵਿੱਚ ਦਲਿਤ ਪ੍ਰੇਮ ਜਾਗਣਾ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿੱਚ ਵਧੀ ਤਾਕਤ ਦਾ ਨਤੀਜਾ ਹੈ।
ਬਸਪਾ ਪ੍ਰਧਾਨ ਨੇ ਮੁੱਖ ਮੰਤਰੀ ਬਣਨ ਤੇ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਕਾਂਗਰਸ ਤੇ ਤੰਜ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਇੰਨੇਂ ਲੰਬੇ ਸਮੇਂ ਬਾਅਦ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲੈਣਾ ਕਾਂਗਰਸ ਦੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੇ ਦਲਿਤ ਚਿਹਰਾ ਦੇਣਾ ਹੀ ਸੀ ਤਾਂ ਉਸ ਤਰੀਕੇ ਦਾ ਕੋਈ ਦਲਿਤ ਚਿਹਰਾ ਦਿੰਦੇ ਜਿਹੜਾ ਦਲਿਤ ਸਮਾਜ ਦੇ ਹੱਕਾਂ ਦੀ ਰਾਖੀ ਲਈ ਵੀ ਜੂਝਦਾ ਹੁੰਦਾ।
ਉਨ੍ਹਾਂ ਕਿਹਾ ਕਿ ਜਿਹੜਾ ਦਲਿਤ ਚਿਹਰਾ ਸ਼੍ਰੀ ਚੰਨੀ ਜੀ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਇਹ ਪੰਜਾਬ ਦਾ ਤਾਂ ਕੀ ਹੋਣਾ ਇਹ ਦਲਿਤਾਂ ਵੀ ਨਹੀਂ ਹੋਇਆ ਕਿਉਂਕਿ ਸਾਢੇ ਚਾਰ ਸਾਲ ਸ਼੍ਰੀ ਚੰਨੀ ਜੀ ਕੈਬਨਿਟ ਮੰਤਰੀ ਰਹੇ, ਪਰ ਇਨ੍ਹਾਂ ਸਾਢੇ ਚਾਰ ਸਾਲਾਂ ਵਿੱਚ ਦਲਿਤਾਂ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕਰਵਾਇਆ।
ਪ੍ਰਧਾਨ ਗੜ੍ਹੀ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਕਾਂਗਰਸ ਨੇ ਚੁਣਿਆ ਉਸਦਾ ਚਰਿੱਤਰ ਬਹੁਤ ਦਾਗੀ ਹੈ ਕਿਉਂਕਿ ਪੰਜਾਬ ਦੀਆਂ ਮਹਿਲਾ ਅਫਸਰਾਂ ਨੇ ਸ਼੍ਰੀ ਚੰਨੀ ਜੀ ਦੇ ਅਸ਼ਲੀਲ ਮੈਸੇਜ ਨੂੰ ਲੈ ਕੇ ਮੀ-ਟੂ ਦੇ ਕੇਸ ਤੱਕ ਵੀ ਦਰਜ ਕਰਵਾਏ, ਮੀ-ਟੂ ਦੀਆਂ ਸ਼ਿਕਾਇਤਾਂ ਦਰਜ ਹੋਈਆਂ, ਮਹਿਲਾ ਕਮਿਸ਼ਨ ਕੋਲ ਵੀ ਕੇਸ ਚੱਲਦਾ ਹੈ ਅਤੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਦਲਿਤ ਚਿਹਰੇ ਦਾ ਤਾਂ ਸਵਾਗਤ ਕਰਦੀ ਹੈ ਪਰ ਕਾਂਗਰਸ ਦੀ ਨਲਾਇਕੀ ਅਤੇ ਕਾਂਗਰਸ ਦੀ ਇਸਦੇ ਪਿੱਛੇ ਜੋ ਕੁਟਿਲ ਮਨਸ਼ਾ ਹੈ ਉਸਦੀ ਨਿੰਦਾ ਵੀ ਕਰਦੀ ਹੈ।