ਪੰਜਾਬਰਾਜਨੀਤੀ

ਹੁਣ ਕਾਂਗਰਸੀ ਆਗੂਆਂ ਨੂੰ ਜੱਟ ਵੋਟ ਖਿਸਕਣ ਦੀ ਹੋਈ ਚਿੰਤਾ ! ਅਕਾਲੀ ਦਲ ਨੂੰ ਹੋ ਸਕਦਾ ਫ਼ਾਇਦਾ…

ਚੰਡੀਗੜ੍ਹ 22 ਸਤੰਬਰ (ਬਿਊਰੋ) ਪੰਜਾਬ ਦੇ ਟਕਸਾਲੀ ਕਾਂਗਰਸੀਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਕਿਤੇ ਪੰਜਾਬ ਦੇ ਜੱਟ ਵੋਟਰ ਕਾਂਗਰਸ ਤੋਂ ਨਰਾਜ਼ ਨਾ ਹੋ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਜੱਟ ਵੋਟ ਬੈਂਕ ਰਿਵਾਇਤੀ ਤੌਰ ‘ਤੇ ਅਕਾਲੀ ਦਲ ਵੱਲ ਹੀ ਭੁਗਤਦਾ ਹੈ। ਪਰ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਵਾਗਡੌਰ ਸੰਭਾਲੀ ਸੀ, ਜੱਟ ਵੋਟ ਬੈਂਕ ਦਾ ਇਕ ਵੱਡਾ ਹਿੱਸਾ ਕਾਂਗਰਸ ਵੱਲ ਆ ਗਿਆ ਸੀ।

ਜ਼ਿਕਰਯੋਗ ਹੈ ਕਿ ਸਾਲ 2002 ‘ਚ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਸਮਝੌਤੇ ਰੱਦ ਕਰਕੇ ਅਤੇ ਆਪਣੀ ਸਰਕਾਰ ਸਮੇਂ ਫਸਲਾਂ ਦੀ ਸਫਲ ਖਰੀਦ ਕਰਕੇ ਕਿਸਾਨੀ ਨਾਲ ਸਬੰਧ ਰੱਖਣ ਵਾਲੇ ਜੱਟਾਂ ਨੂੰ ਕਾਂਗਰਸ ਪਾਰਟੀ ਨਾਲ ਜੋੜ ਲਿਆ ਸੀ। ਇਹੀ ਕਾਰਨ ਹੈ ਕਿ 2002 ਤੋਂ ਲੈ ਕੇ 2017 ਤੱਕ ਜੱਟ ਵੋਟ ਬੈਂਕ ਦਾ ਇਕ ਵੱਡਾ ਹਿੱਸਾ ਕਾਂਗਰਸ ਵੱਲ ਭੁਗਤਦਾ ਰਿਹਾ।

ਅਕਾਲੀ ਦਲ ਨਾਲੋਂ ਗਠਜੋੜ ਤੋੜਨ ਤੋਂ ਬਾਅਦ ਭਾਜਪਾ ਨੇ ਪੰਜਾਬ ਦੇ 35 ਫੀਸਦੀ ਦਲਿਤ ਵੋਟ ਬੈਂਕ ‘ਤੇ ਅੱਖ ਰੱਖ ਕੇ ਐਲਾਨ ਕੀਤਾ ਸੀ ਕਿ ਪੰਜਾਬ ‘ਚ ਭਾਜਪਾ ਅਨੁਸੂਚਿਤ ਜਾਤੀ (ਦਲਿਤ) ਉਮੀਦਵਾਰ ਨੂੰ ਸੀ.ਐੱਮ. ਬਣਾ ਸਕਦੀ ਹੈ, ਜਿਸ ਤੋਂ ਬਾਅਦ ਅਕਾਲੀ ਦਲ ਨੇ ਵੀ ਡਿਪਟੀ ਸੀ.ਐੱਮ. ਅਨੁਸੂਚਿਤ ਜਾਤੀ ਉਮੀਦਵਾਰ ਨੂੰ ਬਣਾਉਣ ਦਾ ਵਾਅਦਾ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਸੀ.ਐੱਮ. ਬਣਾ ਕੇ ਵਿਰੋਧੀ ਪਾਰਟੀਆਂ ਤੋਂ ਦਲਿਤਾਂ ਵਾਲਾ ਮੁੱਦਾ ਖੋਹ ਲਿਆ ਹੈ ਪਰ ਕਾਂਗਰਸੀਆਂ ਅਤੇ ਪੰਜਾਬ ਦੇ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਨੂੰ ਇਹ ਦਾਅ ਪੁੱਠਾ ਵੀ ਪੈ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਕਾਰਨ ਜਿਹੜਾ ਜੱਟ ਵੋਟ ਬੈਂਕ ਕਾਂਗਰਸ ਪਾਰਟੀ ਵੱਲ ਆ ਗਿਆ ਸੀ, ਉਹ ਹੁਣ ਖਿਸਕ ਸਕਦਾ ਹੈ। ਕਿਉਂਕਿ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ‘ਤੇ ਜੱਟ ਸਿੱਖ ਭਾਈਚਾਰਾ ਆਪਣਾ ਅਧਿਕਾਰ ਸਮਝਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਜ਼ਿਆਦਾਤਰ ਮੁੱਖ ਮੰਤਰੀ ਜੱਟ ਸਿੱਖ ਹੀ ਰਹੇ ਹਨ।

ਕਈ ਜੱਟ ਸਿੱਖ ਪਰਿਵਾਰਾਂ ਨਾਲ ਗੱਲ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦਾ ਜੱਟ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।

Show More

Related Articles

Leave a Reply

Your email address will not be published.

Back to top button