ਹੁਣ ਸਰਕਾਰੀ ਬੱਸਾਂ ਤੋਂ ਕੈਪਟਨ ਦੇ ਪੋਸਟਰ ਹਟਾਉਣ ਦੇ ਹੁਕਮ ਹੋਏ ਜਾਰੀ, ਪੜ੍ਹੋ ਹੁਕਮਾਂ ਦਾ ਪੱਤਰ

ਚੰਡੀਗੜ੍ਹ 22 ਸਤੰਬਰ: ਸਿਆਣੇ ਸੱਚ ਹੀ ਕਹਿੰਦੇ ਹਨ ਕਿ ਸਮਾਂ ਅਤੇ ਦਿਨ ਬਦਲਦੇ ਦੇਰ ਨਹੀਂ ਲਗਦੀ, ਤੇ ਸਮਾਂ ਵੀ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾਉਣ ਵਿੱਚ ਇੱਕ ਪਲ ‘ਚ ਬਦਲ ਦਿੰਦਾ ਹੈ। ਅਜਿਹਾ ਕੁਝ ਹੀ ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਅੰਦਰ ਵੱਖ-ਵੱਖ ਸਕੀਮਾਂ ਦੇ ਪ੍ਰਚਾਰ ਵਾਲੇ ਲੱਗੇ ਪੋਸਟਰ ਵੀ ਉਤਰਨੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਅੰਦਰ ਅਤੇ ਬਾਹਰ ਪ੍ਰਚਾਰ ਵਾਲੀ ਫੋਟੋ ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਅਜਿਹਾ ਹੀ ਇਕ ਪੱਤਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਪੀ.ਆਰ.ਟੀ.ਸੀ. ਦੇ ਐਮ.ਡੀ. ਨੂੰ ਜਾਰੀ ਕੀਤਾ ਗਿਆ ਹੈ। ਜਿਸ ’ਚ ਉਨ੍ਹਾਂ ਲਿੱਖਿਆ ਹੈ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਤੋਂ ਬਾਅਦ ਪੀ.ਆਰ.ਟੀ.ਸੀ. ਦੀਆਂ ਬੱਸਾਂ ’ਤੇ ਚੱਲ ਰਿਹਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਵਾਲੇ ਪ੍ਰਚਾਰ ਨੂੰ ਤੁਰੰਤ ਹਟਾਉਣ ਲਈ ਆਪਣੇ ਜਨਰਲ ਮੈਨੇਜ਼ਰਾਂ ਨੂੰ ਹੁਕਮ ਜਾਰੀ ਕੀਤੇ ਜਾਣ।

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਵੱਲੋਂ ਜੋ ਲੋਕਾਂ ਨਾਲ ਚੋਣਾਂ ਸਮੇਂ ਵਾਅਦੇ ਕੀਤੇ ਗਏ ਸਨ, ਉਨ੍ਹਾਂ ’ਚੋਂ ਕੁਝ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਲੋਕਾਂ ਵੱਲੋਂ ਬੱਸਾਂ ਅਤੇ ਹੋਰ ਵੱਖ- ਵੱਖ ਥਾਵਾਂ ’ਤੇ ਲੱਗੇ ਉਨ੍ਹਾਂ ਦੀ ਫੋਟੋਆਂ ਵਾਲੇ ਪੋਸਟਰਾਂ ’ਤੇ ਅੱਗੇ ਖੜ੍ਹੇ ਹੋਕੇ ਵੀਡਿਓ ਬਣਾਕੇ ਸਮੇਂ ਸਮੇਂ ’ਤੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।