
ਸ਼੍ਰੀ ਅੰਮ੍ਰਿਤਸਰ ਸਾਹਿਬ, 8 ਅਕਤੂਬਰ (ਬਿਊਰੋ) 328 ਸਰੂਪਾਂ ਦੇ ਬਾਬਤ ਇਨਸਾਫ਼ ਦੀ ਮੰਗ ਕਰਦੇ ਹੋਏ ਸਿੱਖ ਸਦਭਾਵਨਾ ਦਲ ਵਲੋਂ ਲਾਏ ਮੋਰਚੇ ਨੂੰ 338 ਦਿਨ ਪੂਰੇ ਹੋ ਗਏ। ਹਰ ਰੋਜ਼ ਦੀ ਤਰ੍ਹਾ ਹੀ ਬੀਬੀਆਂ ਦੇ ਜੱਥੇ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਉਪਰੰਤ ਮੋਰਚੇ ਅਤੇ ਕਿਸਾਨੀ ਅੰਦੋਲਨ ਦੀ ਫਤਿਹਯਾਬੀ ਲਈ ਅਰਦਾਸ ਕੀਤੀ। ਉਪਰੰਤ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਲਈ ਦੁੱਖ ਪ੍ਰਗਟ ਕੀਤਾ ਗਿਆ।
ਇਸ ਮੌਕੇ ਭਾਈ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਢਾਹ ਲਾਉਣ ਲਈ, ਸਿੱਖਾ ਨੂੰ ਹਿੰਦੂ ਸਾਬਤ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਭਗਵਾਨ ਵਿਸ਼ਨੂੰ ਦਾ ਮੰਦਰ ਸਾਬਤ ਕਰ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਲਈ ਸ਼ੁਰੂ ਤੋਂ ਆਪਣੀ ਭਾਈਵਾਲ ਅਕਾਲੀ ਦਲ ਨਾਲ ਰਲ ਕੇ ਕੀਤੇ ਗਏ ਮਨਸੂਬਿਆਂ ਤਹਿਤ ਹੀ 328 ਸਰੂਪਾਂ ਨੂੰ ਖੁਰਦ-ਬੁਰਦ ਕੀਤਾ ਗਿਆ ਅਤੇ ਓਸੇ ਹੀ ਲੜੀ ਦੇ ਤਹਿਤ ਥਾਂ-ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ। ਜਿਸ ਲਈ ਮੁਜ਼ਰਿਮਾਂ ਨੂੰ ਗ੍ਰਿਫਤਾਰ ਕਰਨ ਲਈ ਪਿਛਲੇ 338 ਦਿਨਾਂ ਤੋ ਧਰਨਾ ਜਾਰੀ ਹੈ।
ਭਾਈ ਵਡਾਲਾ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਉਪਰ ਵੀ ਕਿਸਾਨਾਂ ਵਲੋਂ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਜਾਰੀ ਹੈ। ਜਿਸ ਲਈ ਕਿਸਾਨਾ ਪ੍ਰਤੀ ਸਮਰਥਨ ਕਰਦਿਆਂ ਅੱਜ ਦੇ ਦੌਰਾਨ ਮਾੜੀ ਰਾਜਨੀਤੀ ਦੇ ਸ਼ਿਕਾਰ ਹਰ ਵਰਗ ਦੇ ਲੋਕਾਂ ਉਪਰ ਲੋਕ ਮਾਰੂ ਰਾਜਨੀਤੀ ਦੇ ਮਾੜੇ ਫੈਸਲਿਆਂ ਦੇ ਪੈਂਦੇ ਮਾੜੇ ਪ੍ਰਭਾਵ ਵਾਰੇ ਵਿਚਾਰ ਕੀਤੀ ਗਈ। ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਢੀ ਕਹੀ ਜਾਂਦੀ ਕਿਰਸਾਨੀ ਨੂੰ ਬਰਬਾਦ ਕਰਨ ਦੇ ਕਈ ਤਰੀਕੇ ਦੇ ਮਨਸੂਬਿਆਂ ਵਿੱਚੋਂ (ਸਿਰਫ ਪੰਜਾਬ ਅੰਦਰ ਹੀ ਹਰ 50 ਕਿਲੋਮੀਟਰ ਦੀ ਵਿੱਥ ਉਤੇ ਰੱਖਿਆ ਠਿਕਾਣੇ ਬਣਾ ਕੇ) ਕਾਮਯਾਬ ਹੋਣ ਤੋਂ ਬਾਅਦ ਕੇਂਦਰ ਨੇ ਪੰਜਾਬ ਮਾਰੂ ਨੀਤੀ ਹੇਠ ਅਕਾਲੀ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਵਿੱਚ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਅਤੇ ਐਕਸਪ੍ਰੇਸ ਹਾਈਵੇ ਦੇ ਨਾਮ ਤੇ ਵਾਹੀ ਯੋਗ ਜਮੀਨਾਂ ਨੂੰ ਇਕਵਾਇਰ ਕਰਨ ਦੇ ਪ੍ਰੋਗਰਾਮ ਬਣਾਏ। ਜਿਸ ਦਾ ਵਿਰੋਧ ਪੂਰੇ ਭਾਰਤ ਵਿੱਚ ਲਗਾਤਾਰ ਜਾਰੀ ਹੈ।
ਭਾਈ ਵਡਾਲਾ ਨੇ ਕਿਹਾ ਕਿ ਇਸ ਦਾ ਸਦੀਵੀ ਹਲ ਭਾਰਤ ਦੀਆਂ ਪ੍ਰਚਲਿਤ ਪਾਰਟੀਆ ਤੋਂ ਨਾਤਾ ਤੋੜ ਕਿਸਾਨਾਂ ਦੀ ਆਪਣੀ ਪਾਰਟੀ ਬਣਾਉਣ ਨਾਲ ਹੀ ਨਿਕਲੇਗਾ। ਕਿਉੰਕਿ ਸਾਰੀ ਸਮਸਿਆ ਦੇ ਪੈਦਾ ਹੋਣ ਅਤੇ ਹਲ ਹੋਣ ਦਾ ਇਕ ਹੀ ਸਰੋਤ ਹੈ ਅਤੇ ਉਹ ਹੈ ਸੰਸਦ ਤੇ ਸੰਸਦ ਵਿੱਚ ਚੁਣ ਕੇ ਹੀ ਜਾਇਆ ਜਾ ਸਕਦਾ ਹੈ, ਜਿਸ ਲਈ ਕਿਸਾਨ ਪਾਰਟੀ ਸਮੇ ਦੀ ਮੁੱਖ ਮੰਗ ਹੈ।
ਉਨ੍ਹਾਂ ਕਿਹਾ ਕਿ ਆਓ ਰਲ ਕੇ ਸਮੇ ਦੇ ਹਾਣੀ ਬਣੀਏ ਅਤੇ ਸਿੱਖ ਨੀਤੀ ਦਾ ਹੋਕਾ ਦਿੰਦੇ ਹੋਏ “ਨਰੈੲਣੂ ਭਜਾਈਏ-ਪੰਥ ਰੁਸਨਾਈਏ” ਦਾ ਨਾਰਾ ਬੁਲੰਦ ਕਰੀਏ ਗੁਰੂ ਘਰਾਂ ਵਿੱਚੋਂ ਰਾਜਨੀਤੀ ਭਜਾਈਏ, ਤੇ ਦੇਸ਼ ਦੀ ਰਾਜਨੀਤੀ ਲਈ ਕਿਸਾਨ ਪਾਰਟੀ ਦਾ ਬਦਲ ਲਿਆਉਣ ਲਈ ਕਿਸਾਨ ਆਗੂਆ ਨੂੰ ਪ੍ਰੇਰਿਤ ਕਰੀਏ।