ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ‘ਧੀ ਅਮਨਜੋਤ ਕੌਰ’ ਨਾਲੋਂ ਤੋੜੇ ਸਾਰੇ ‘ਸਬੰਧ’

ਚੰਡੀਗੜ੍ਹ 3 ਅਗਸਤ: ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵਲੋਂ ਕੱਲ ਬੀ.ਜੇ.ਪੀ. ਦਾ ਪੱਲਾ ਪਕੜਣ ਤੋਂ ਬਾਅਦ ਜਿੱਥੇ ਰਾਜਨੀਤਿਕ ਧਿਰਾਂ ਵਿੱਚ ਹਲਚਲ ਹੋਣੀ ਸੁਭਾਵਕ ਗੱਲ ਸੀ, ਉੱਥੇ ਹੀ ਪਰਿਵਾਰ ਵਿੱਚ ਵੀ ਆਪਸੀ ਮੱਤਭੇਦ ਸਾਹਮਣੇ ਆਏ ਹਨ।
ਜਿਕਰਯੋਗ ਹੈ ਕਿ ਕਲ ਬੀਬੀ ਅਮਨਜੋਤ ਕੌਰ ਤੋਂ ਇਲਾਵਾ ਹੋਰ ਅਕਾਲੀ ਲੀਡਰਾਂ ਨੇ ਵੀ ਭਾਜਪਾ ਦਾ ਹੱਥ ਫੜਿਆ ਹੈ ਅਤੇ ਇਨ੍ਹਾਂ ਸਾਰਿਆਂ ਨੂੰ ਬੀ.ਜੇ.ਪੀ. ਲੀਡਰ, ਗਜਿੰਦਰ ਸ਼ੇਖਾਵਤ ਅਤੇ ਤਰੁਣ ਚੁੱਘ ਨੇ ਪਾਰਟੀ ਦੇ ਦਿੱਲੀ ਦਫਤਰ ’ਚ ਸਿਰੋਪਾਓ ਦੇ ਕੇ ਸ਼ਾਮਲ ਕੀਤਾ ਸੀ।
ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਬੀ.ਜੇ.ਪੀ. ’ਚ ਸ਼ਾਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਹ (ਅਮਨਜੋਤ ਕੌਰ) ਉਨ੍ਹਾਂ ਦੀ ਧੀ ਨਹੀਂ ਹੈ, ਉਸ ਨਾਲ ਮੇਰਾ ਰਾਜਨੀਤਕ ਹੀ ਨਹੀਂ ਸਗੋਂ ਪਿਓ-ਧੀ ਵਾਲਾ ਰਿਸ਼ਤਾ ਵੀ ਖ਼ਤਮ ਹੋ ਗਿਆ ਹੈ। ਸ. ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੇ ਬੀ.ਜੇ.ਪੀ. ’ਚ ਸ਼ਾਮਲ ਹੋਣ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ, ਬਲਿਕ ਉਹ ਤਾਂ ਆਪਣੇ ਪਿੰਡ ਆਪਣੀ ਖੇਤੀ ਬਾੜੀ ਦੀ ਸਾਂਭ ਸੰਭਾਲ ਕਰ ਰਹੇ ਹਨ।
ਸ. ਰਾਮੂਵਾਲੀਆ ਨੇ ਕਿਹਾ ਕਿ ਇਹ ਬੀ.ਜੇ.ਪੀ. ਵਾਲਿਆਂ ਦੀ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕੇ ਅਮਨਜੋਤ ਕੌਰ ਨੇ ਬੀ.ਜੇ.ਪੀ. ’ਚ ਸ਼ਾਮਲ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਕੁੱਲ ਅਤੇ ਉਸ ਦੀ ਪੱਗ ਨੂੰ ਬਹੁਤ ਵੱਡਾ ਦਾਗ ਲਗਾਇਆ ਹੈ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਪਿੱਠ ਦਿਖਾਈ ਹੈ।