
ਪਠਾਨਕੋਟ 3 ਅਗਸਤ (ਲੱਕੀ ਰਾਜਪੂਤ) ਜ਼ਿਲ੍ਹਾ ਪਠਾਨਕੋਟ ਦੇ ਏ.ਡੀ.ਸੀ ਦਫਤਰ ਦੇ ਬਾਹਰ ਮਨਰੇਗਾ ਕਰਮਚਾਰੀਆਂ ਵਲੋਂ ਸ਼ੁਰੂ ਕੀਤੀ ‘ਕਲਮ ਛੋੜ’ ਹੜਤਾਲ, ਅੱਜ 25 ਵੇਂ ਦਿਨ ਵੀ ਜ਼ਾਰੀ ਰਹੀ। ਪਰ ਹਾਲੇ ਤੱਕ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ। ਜਿਸ ਕਰਕੇ ਮਨਰੇਗਾ ਕਰਮਚਾਰੀ ਦੇ ਦਿਲਾਂ ‘ਚ ਪੰਜਾਬ ਸਰਕਾਰ ਪ੍ਰਤੀ ਰੋਸ ਪੈਦਾ ਹੋ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮਨਰੇਗਾ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸਾਲ ਪਹਿਲਾਂ ਕੱਚੇ ਕਰਮਚਾਰੀਆਂ ਦੇ ਤੌਰ ਭਰਤੀ ਕੀਤਾ ਗਿਆ ਸੀ। ਜਿਸ ਤੇ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਲਦੀ ਹੀ ਪੱਕਾ ਕਰ ਦਿੱਤਾ ਜਾਵੇਗਾ, ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕੇ ਮਨਰੇਗਾ ਕਰਮਚਾਰੀਆਂ ਦੀ ਤਨਖਾਹ ਵੀ ਬਹੁਤ ਘੱਟ ਹੈ, ਜਿਸ ਕਾਰਨ ਉਨ੍ਹਾਂ ਦੇ ਆਪਣੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ, ਪਰ ਸਰਕਾਰ ਅਜੇ ਵੀ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ। ਜਿਸ ਕਾਰਨ ਉਹ ਆਪਣਾ ਕੰਮ ਬੰਦ ਕਰਨ ਅਤੇ ਸਰਕਾਰ ਵਿਰੁੱਧ ਹੜਤਾਲ ‘ਤੇ ਜਾਣ ਲਈ ਮਜਬੂਰ ਹੋਏ ਹਨ।
ਇਸ ਮੌਕੇ ਅੱਜ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਸੁਣਨ ਲਈ ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਪੁਨੀਤ ਪਿੰਟਾ ਵੀ ਪਹੁੰਚੇ ਅਤੇ ਉਨ੍ਹਾਂ ਦਾ ਮੰਗ ਪੱਤਰ ਲਿਆ। ਉਨ੍ਹਾਂ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਮਨਰੇਗਾ ਮਜ਼ਦੂਰਾਂ ਨੇ ਕਿਹਾ ਕਿ ਪੁਨੀਤ ਪਿੰਟਾ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਹੀ ਮੰਨ ਲਈਆਂ ਜਾਣਗੀਆਂ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਦੀ ਕਿਰਨ ਵੀ ਦਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਨਹੀਂ ਮੰਨਦੀ, ਤਾਂ ਇਸਦਾ ਨੁਕਸਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।