ਚੰਡੀਗੜ੍ਹਪੰਜਾਬਰਾਜਨੀਤੀ
Trending

ਕੈਪਟਨ ਨੇ ਬੀ.ਐਸ.ਐਫ. ਦੇ ਵਧਾਏ ਅਧਿਕਾਰ ਖੇਤਰ ਦੀ ਕੀਤੀ ਹਮਾਇਤ, ਕਿਹਾ, “ਪੰਜਾਬ ਪੁਲਿਸ ਨੂੰ ਮਦਦ ਦੀ ਲੋੜ”

ਕੱਲ੍ਹ ਫਿਰ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ ਕੈਪਟਨ

ਨਵੀਂ ਪਾਰਟੀ ਬਣਾਉਣ ਅਤੇ ਅਰੂਸਾ ਆਲਮ ਦੇ ਸਵਾਲ ਤੇ ਵਿਰੋਧੀਆਂ ਨੂੰ ਦਿੱਤਾ ਜਵਾਬ

ਚੰਡੀਗੜ੍ਹ 27 ਅਕਤੂਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਬੀਐਸਐਫ ਦੇ ਵਧਾਏ ਗਏ ਅਧਿਕਾਰ ਖੇਤਰ ਦੀ ਇੱਕ ਵਾਰੀ ਫਿਰ ਤੋਂ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸੁਰੱਖਿਆ ਦਾ ਮੁੱਦਾ ਹੈ ਅਤੇ ਇਸ ’ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, “ਇਸ ਨਾਲ ਸੂਬੇ ਦੇ ਸੰਘੀ ਢਾਂਚੇ ਨੂੰ ਕੋਈ ਢਾਹ ਨਹੀਂ ਲੱਗ ਰਹੀ ਅਤੇ ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਹੈ। ਮੈਂ ਪੰਜਾਬ ‘ਚ ਸ਼ਾਂਤੀ ਚਾਹੁੰਦਾ ਹਾਂ ਹੋਰ ਕੁਝ ਨਹੀਂ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਵਿਚ ਬਹੁਤ ਮੁਸ਼ਕਲ ਦੌਰ ਵਿਚੋਂ ਲੰਘੇ ਹਾਂ”। ਉਨ੍ਹਾਂ ਕਿਹਾ ਕਿ, “ਬੀਐਸਐਫ ਪੰਜਾਬ ‘ਤੇ ਕਬਜ਼ਾ ਕਰਨ ਨਹੀਂ ਆ ਰਹੀ ਬਲਕਿ ਪੰਜਾਬ ਪੁਲਿਸ ਨੂੰ ਬੀਐਸਐਫ ਦੀ ਮਦਦ ਦੀ ਲੋੜ ਹੈ। ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੁਰੱਖਿਆ ਮਸਲੇ ਬਾਰੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ”।

ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਨਵੀਂ ਪਾਰਟੀ ਬਣਾਉਣ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ, ਪਰ ਅਜੇ ਪਾਰਟੀ ‘ਤੇ ਕੰਮ ਚੱਲ ਰਿਹਾ ਹੈ। ਨਵੀਂ ਪਾਰਟੀ ਦਾ ਨਾਂਅ ਅਜੇ ਤੈਅ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਸਾਢੇ ਚਾਰ ਸਾਲਾਂ ਕਾਰਜਕਾਲ ਦਾ ਵੇਰਵਾ ਦੇਣ ਲਈ ਫਾਈਲਾਂ ਵੀ ਨਾਲ ਲੈ ਕੇ ਆਏ ਸਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ‘ਚ ਮੈਨੀਫੈਸਟੋ ਤੋਂ ਬਾਹਰ ਵੀ ਕੰਮ ਕੀਤੇ ਗਏ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਤੇ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੁਖਜਿੰਦਰ ਰੰਧਾਵਾ 4 ਸਾਲ ਮੇਰੀ ਕੈਬਨਿਟ ਵਿਚ ਰਹੇ, ਉਹ ਓਦੋਂ ਤਾਂ ਅਰੂਸਾ ਆਲਮ ਬਾਰੇ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਅਰੂਸਾ ਆਲਮ ਪਿਛਲੇ 16 ਸਾਲ ਤੋਂ ਪੰਜਾਬ ਆ ਰਹੇ ਹਨ। ਅਰੂਸਾ ਆਲਮ ਵੱਲੋਂ ਪੰਜਾਬ ਤੋਂ ਪੈਸੇ ਲਿਜਾਉਣ ਦੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਇਹ ਵੀ ਦੱਸਣਾ ਕਿ ਪੈਸਾ ਕਿੱਥੇ ਟਰਾਂਸਫਰ ਹੋਇਆ ਹੈ। ਉਹ ਇਸ ਬਾਰੇ ਇਨਕਮ ਟੈਕਸ ਅਤੇ ਈਡੀ ਨੂੰ ਵੀ ਦੱਸਣ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕੱਲ੍ਹ ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਹੱਲ ਕਰਨ ਲਈ ਅਮਿਤ ਸ਼ਾਹ ਨਾਲ ਚਰਚਾ ਕਰਨਗੇ। ਉਹਨਾਂ ਨਾਲ ਕੁਝ ਮਾਹਰ ਵੀ ਦਿੱਲੀ ਜਾਣਗੇ।

Show More

Related Articles

Leave a Reply

Your email address will not be published. Required fields are marked *

Back to top button