
ਬੀ.ਐਸ.ਐਫ. ਦਾ ਅਧਿਕਾਰ ਖ਼ੇਤਰ ਵਧਾਉਣ ਦੇ ਫ਼ੈਸਲੇ ਨੂੰ ਵਾਜਬ ਠਹਿਰਾਉਣ ਨੇ ਸਾਬਤ ਕੀਤਾ ਕਿ ਕੈਪਟਨ ਕੇਂਦਰ ਨਾਲ ਰਲੇ ਹੋਏ: ਬਾਦਲ
ਚੰਡੀਗੜ੍ਹ, 27 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਵਿਧਾਨ ਸਭਾ ਵਿਚ ਮਤਾ ਪੇਸ਼ ਕਰ ਕੇ ਯਕੀਨੀ ਬਣਾਏਗੀ ਕਿ ਸਦਨ ਪੰਜਾਬ ਵਜ਼ਾਰਤ ਨੁੰ ਹਦਾਇਤ ਕਰੇ ਕਿ ਉਹ ਸਿਵਲ ਤੇ ਪੁਲਿਸ ਮਸ਼ੀਨਰੀ ਸਮੇਤ ਸੂਬੇ ਦੀ ਮਸ਼ੀਨਰੀ ਦੀ ਵਰਤੋਂ ਕਰ ਕੇ ਕੇਂਦਰ ਸਰਕਾਰ ਨੂੰ ਖੇਤੀਬਾੜੀ ’ਤੇ ਕਾਲੇ ਕਾਨੁੰਨਾਂ ਰਾਹੀਂ ਅਤੇ ਬੀ.ਐਸ.ਐਫ. ਰਾਹੀਂ ਪੰਜਾਬ ਪੁਲਿਸ ਦੀ ਸੰਵਿਧਾਨਕ ਅਥਾਰਟੀ ’ਤੇ ਡਾਕਾ ਮਾਰਨ ਤੋਂ ਰੋਕੇ।
ਅੱਜ ਰਾਜਪੁਰਾ ਵਿਖੇ ਸ. ਚਰਨਜੀਤ ਸਿੰਘ ਬਰਾੜ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਕੱਢੀ ਗਈ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਦਨ ਸਿਰਫ ਗੈਰ ਪ੍ਰਭਾਵਸ਼ਾਲੀ ਮਤਾ ਨਹੀਂ ਬਲਕਿ ਇਕ ਨਿਰਦੇਸ਼ ਜਾਰੀ ਕਰੇ। ਅਸੀਂ ਸਦਨ ਤੋਂ ਇਹ ਸਪਸ਼ਟ ਨਿਰਦੇਸ਼ ਚਾਹੁੰਦੇ ਹਾਂ ਕਿ ਇਸ ਫੈਸਲੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋਵੇਗੀ।
ਸ. ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ, ਉਸ ਤੋਂ ਸਾਬਤ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਕੇਂਦਰ ਨਾਲ ਰਲੀ ਸੀ ਤਾਂ ਜੋ ਇਹ ਕਦਮ ਸੰਭਵ ਹੋ ਪਾਉਂਦਾ। ਉਨਾਂ ਕਿਹਾ ਕਿ ਅਜਿਹੇ ਫੈਸਲੇ ਸਿਰਫ ਚੰਦ ਦਿਨਾਂ ਵਿਚ ਨਹੀਂ ਲਏ ਜਾ ਸਕਦੇ। ਉਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਮਾਮਲਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵਿਚਾਰਿਆ ਗਿਆ ਹੋਵੇ। ਉਹਨਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਵੇਲੇ ਵਜ਼ਾਰਤ ਦਾ ਹਿੱਸਾ ਸਨ ਤੇ ਇਸ ਕਦਮ ਤੋਂ ਵਾਕਫ ਸਨ।
ਮੁਖ ਮੰਤਰੀ ਸ. ਚੰਨੀ ਦੇ ਪੰਜਾਬ ਵਿਚ ਨਿਵੇਸ਼ ਬਾਰੇ ਵੱਡੇ ਵੱਡੇ ਦਾਅਵਿਆਂ ਨੂੰ ਖਾਰਜ ਕਰਦਿਆਂ ਸ. ਬਾਦਲ ਨੇ ਚੁਣੌਤੀ ਦਿੱਤੀ ਕਿ ਮੁੱਖ ਮੰਤਰੀ ਸਰਕਾਰੀ ਵੈਬਸਾਈਟ ’ਤੇ ਵੇਰਵਾ ਦੇਣ ਕਿ ਕੀ ਇਕ ਕਰੋੜ ਰੁਪਏ ਦਾ ਵੀ ਨਿਵੇਸ਼ ਉਹਨਾਂ ਦੇ ਇਸ ਨਿਵੇਸ਼ ਸੰਮੇਲਨ ਦੇ ਸਦਕਾ ਅਸਲ ਵਿਚ ਹੋਇਆ ਹੋਵੇ। ਉਨਾਂ ਕਿਹਾ ਕਿ ਚੰਨੀ ਜਾਂ ਕੈਪਟਨ ਦੀ ਸਰਕਾਰ ਵੇਲੇ ਜੋ ਵੀ ਨਿਵੇਸ਼ ਹੋਏ ਹਨ, ਉਨਾਂ ਨੂੰ ਜੇਕਰ ਜੋੜਿਆ ਜਾਵੇ ਤਾਂ ਇਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਏ ਕਿਸੇ ਇਕ ਵੀ ਪ੍ਰਾਜੈਕਟ ਦੇ ਬਰਾਬਰ ਵੀ ਨਹੀਂ ਹੋਵੇਗਾ।
ਉਨਾਂ ਕਿਹਾ ਕਿ ਤੁਸੀਂ 22000 ਕਰੋੜ ਰੁਪਏ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਜਾਂ ਕੌਮਾਤਰੀ ਹਵਾਈ ਅੱਡੇ ਜਾਂ ਚਾਰ ਜਾਂ ਛੇ ਲਾਈਨਾਂ ਦੇ ਐਕਸਪ੍ਰੈਸਵੇਅ ਜਾਂ ਏਮਜ਼ ਬਠਿੰਡਾ ਵਰਗੇ ਛੋਟੇ ਪ੍ਰਾਜੈਕਟਾਂ ਦੀ ਵੀ ਗੱਲ ਹੋਵੇ ਤਾਂ ਕਾਂਗਰਸ ਅਮਰਿੰਦਰ ਸਿੰਘ ਅਤੇ ਚੰਨੀ ਦੇ ਰਾਜਕਾਲ ਵੇਲੇ ਦਾ ਅਜਿਹਾ ਇਕ ਵੀ ਪ੍ਰਾਜੈਕਟ ਨਹੀਂ ਦੱਸ ਸਕਦੀ ਜੋ ਇਹਨਾਂ ਪ੍ਰਾਜੈਕਟਾਂਦੇ ਬਰਾਬਰ ਦਾ ਹੋਵੇ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਨਾਲ ਪਿੰਡ ਵਿਚ ਭੋਲੇ ਸ਼ੰਕਰ ਦੇ ਮੰਦਿਰ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨਾਂ ਨੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਸਰਕਾਰ ਬਣਨ ’ਤੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਵੀ ਭਰੋਸਾ ਦੁਆਇਆ। ਉਨਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਵਕੀਲਾਂ ਦੀ ਭਲਾਈ ਵਾਸਤੇ ਕੰਮ ਕਰਨ ਦਾ ਵੀ ਭਰੋਸਾ ਦੁਆਇਆ। ਇਸ ਮੌਕੇ ਉਨਾਂ ਨੇ ਡਾ. ਬੀ ਆਰ ਅੰਬੇਡਕਰ ਨੂੰ ਆਈ.ਟੀ.ਆਈ. ਚੌਂਕ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪੁਰਾ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। ਜਿਸ ਦੌਰਾਨ ਲੋਕਾਂ ਨੇ ਨਹਿਰੀ ਪਾਣੀ ਦੀ ਘਾਟ ਅਤੇ ਹਲਕੇ ਵਿਚ ਕਾਨੂੰਨ ਹੀਣਤਾ ਦਾ ਮਾਮਲਾ ਵੀ ਚੁੱਕਿਆ। ਉਨਾਂ ਨੇ ਸਥਾਨਕ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਦਾ ਵੀ ਦੋਸ਼ ਲਗਾਇਆ। ਇਸ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਵਿਧਾਇਕ ਦੀਆਂ ਗਲਤ ਕਾਰਵਾਈਆਂ ਦੀ ਪੜਤਾਲ ਦਾ ਭਰੋਸਾ ਦੁਆਇਆ। ਉਹਨਾਂ ਨੇ ਗੈਰ ਕਾਨੂੰਨੀ ਡਿਸਟੀਲਰੀ ਚਲਾਉਣ ਲਈ ਵੀ ਵਿਧਾਇਕ ਖਿਲਾਫ ਕਾਨੂੰਨੀ ਕਾਰਵਾਈ ਦਾ ਭਰੋਸਾ ਦੁਆਇਆ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਐਸ ਓ ਆਈ ਦੇ ਸੈਂਕੜੇ ਕਾਰਕੁੰਨਾਂ ਨੇ ਮੋਟਰ ਸਾਈਕਲਾਂ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਐਨ.ਕੇ.ਸ਼ਰਮਾ ਵੀ ਹੋਰ ਆਗੂਆਂ ਦੇ ਨਾਲ ਮੌਜੂਦ ਸਨ।