
ਨਿੱਤ ਦਿਨ ਨਵੀਂਆ ਕਮੇਟੀਆ ਬਣਾ ਕੇ ਕੱਚੇ ਮੁਲਾਜ਼ਮਾਂ ਦੇ ਜ਼ਖਮਾਂ ਤੇ ਛਿੜਕਿਆ ਜਾ ਰਿਹਾ ਲੂਣ
ਹੁਣ ਤੱਕ ਬਣੀਆ 6 ਕਮੇਟੀਆ ਦੇ ਪੱਤਰ ਫਰੇਮ ਕਰਵਾ ਕੇ ਅੱਜ ਮੁੱਖ ਮੰਤਰੀ ਨੂੰ ਦੇਣ ਜਾਣਗੇ ਕੱਚੇ ਮੁਲਾਜ਼ਮ
ਚੰਡੀਗੜ੍ਹ 29 ਅਕਤੂਬਰ: ਜਿਥੇ ਪੰਜਾਬ ਦਾ ਸਮੁੱਚਾ ਕੱਚਾ ਮੁਲਾਜ਼ਮ ਕਾਂਗਰਸ ਦੀ ਚੰਨੀ ਸਰਕਾਰ ਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਕੀਤੇ ਐਲਾਨਾਂ ਅਨੁਸਾਰ ਜਲਦ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੈਬਿਨਟ ਵਿਚ ਮਤਾ ਪਾਸ ਕਰਨਗੇ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ਤੇ ਇਕ ਹੋਰ ਨਵੀ ਕਮੇਟੀ ਬਣਾ ਕੇ ਕੱਚੇ ਮੁਲਾਜ਼ਮਾਂ ਦੇ ਜਖਮਾਂ ਤੇ ਲੂਣ ਛਿੜਕਣ ਤੋਂ ਸਿਵਾ ਕੋਈ ਕੰਮ ਨਹੀ ਕੀਤਾ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਹਿਲੀ ਕੈਬਿਨਟ ਸਬ ਕਮੇਟੀ ਗੁਰਦਾਸਪੁਰ ਜ਼ਿਮਨੀ ਚੋਣਾਂ ਦੋਰਾਨ ਬਣਾਈ ਗਈ। ਉਸ ਤੋਂ ਬਾਅਦ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 5 ਕਮੇਟੀਆ ਬਣਾਈਆ ਗਈਆ। ਪਰ ਕੋਈ ਵੀ ਕਮੇਟੀ ਸਾਢੇ ਚਾਰ ਸਾਲਾਂ ਦੋਰਾਨ ਕੋਈ ਵੀ ਫੈਸਲਾ ਨਾ ਲੈ ਸਕੀ ਅਤੇ ਹੁਣ ਕਾਂਗਰਸ ਦੇ ਸੱਤਾ ਪਰਵਰਤਨ ਤੋਂ ਬਾਅਦ ਜਦ ਕੱਚੇ ਮੁਲਾਜ਼ਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਉਮੀਦ ਕਰ ਰਹੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਜਲਦ ਕੋਈ ਪੱਤਰ ਜ਼ਾਰੀ ਹੋਵੇਗਾਂ। ਉਥੇ ਉਸੇ ਰਸਤੇ ਚਲਦਿਆ ਅੱਜ ਇਕ ਹੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਕਰਕੇ ਸੂਬੇ ਦੇ ਸਮੂਹ ਕੱਚੇ ਮੁਲਾਜ਼ਮਾਂ ਵਿਚ ਰੋਸ ਹੈ।
ਪਹਿਲੀ ਕਮੇਟੀ: ਗੁਰਦਾਸਪੁਰ ਜ਼ਿਮਨੀ ਚੋਣਾਂ ਦੋਰਾਨ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਬਣਾਈ। ਗੁਰਦਾਸਪੁਰ ਚੋਣਾਂ ਤੋਂ ਤੁਰੰਤ ਬਾਅਦ ਇਸ ਕਮੇਟੀ ਦਾ ਕੋਈ ਥਹੁੰ ਪਤਾ ਨਹੀ ਲੱਗਿਆ।
ਤੀਸਰੀ ਕਮੇਟੀ: ਲੋਕ ਸਭਾ ਚੋਣਾ ਤੋ ਪਹਿਲਾਂ ਕੱਚੇ ਮੁਲਾਜ਼ਮਾਂ ਵੱਲੋਂ ਸਘੰਰਸ਼ ਨੂੰ ਹੋਰ ਤੇਜ਼ ਕੀਤਾ ਗਿਆ। ਜਿਸ ਉਪਰੰਤ ਮੁੱਖ ਮੰਤਰੀ ਵੱਲੋਂ ਮੁੜ ਮਿਤੀ 16 ਜਨਵਰੀ 2019 ਨੂੰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਸਬ ਕਮੇਟੀ ਬਣਾਈ ਗਈ ਅਤੇ ਜਿਸ ਦਾ ਮੁੱਖ ਮੰਤਵ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸੀ। ਜਿਸ ਦੇ ਬਾਕੀ ਮੈਂਬਰ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਨ। ਇਸ ਕਮੇਟੀ ਨੇ ਵੀ ਲੰਬਾ ਸਮਾਂ ਕੁੱਝ ਨਹੀ ਕੀਤਾ।
ਚੌਥੀ ਕਮੇਟੀ: ਤੀਸਰੀ ਕਮੇਟੀ ਵੱਲੋਂ ਲੰਬਾ ਸਮਾਂ ਕੁਝ ਨਾ ਕਰਨ ਤੇ ਮੁੱਖ ਮੰਤਰੀ ਵੱਲੋਂ ਇਸ ਕਮੇਟੀ ਵਿਚ ਮੁੜ ਸੋਧ ਕਰਕੇ ਮਿਤੀ 07.07.2020 ਇਸ ਨੂੰ ਪੰਜ ਮੈਂਬਰੀ ਕਮੇਟੀ ਬਣਾ ਦਿੱਤਾ ਗਿਆ ਤੇ 2 ਹੋਰ ਮੰਤਰੀਆ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮੈਂਬਰ ਬਣਾ ਦਿੱਤਾ ਗਿਆ।
ਪੰਜਵੀ ਕਮੇਟੀ: 25 ਜੂਨ 2021 ਨੂੰ ਮੁੜ ਕਮੇਟੀ ਬਦਲ ਦਿੱਤੀ ਗਈ ਅਤੇ ਹੁਣ ਮੁੜ ਤੋਂ 5 ਮੰਤਰੀਆ ਦੀ ਕਮੇਟੀ ਬਣਾ ਦਿੱਤੀ ਗਈ ਜਿਸ ਵਿਚ ਨਵੇਂ ਮੰਤਰੀ ਸਾਧੂ ਸਿੰਘ ਧਰਮਸੋਤ, ਓ.ਪੀ. ਸੋਨੀ ਅਤੇ ਬਲਬੀਰ ਸਿੰਘ ਸਿੱਧੂ ਨੂੰ ਸ਼ਾਮਿਲ ਕੀਤਾ ਗਿਆ।
ਛੇਵੀ ਕਮੇਟੀ: ਸਰਕਾਰ ਵੱਲੋਂ ਮਿਤੀ 26.10.2021 ਨੂੰ ਜ਼ਾਰੀ ਪੱਤਰ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਇਕ ਨਵੀ ਛੇਵੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਜਿਸ ਵਿਚ ਹੁਣ ਤਿੰਨ ਨਵੇਂ ਮੰਤਰੀ ਰਾਜ ਕੁਮਾਰ ਵੇਰਕਾ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਮੈਬਰ ਬਣਾਇਆ ਗਿਆ ਹੈ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਦੂਜੀ ਕਮੇਟੀ ਤੋਂ ਲੈ ਕੇ ਛੇਵੀਂ ਕਮੇਟੀ ਤੱੱਕ ਕੈਬਿਨਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾਂ ਹੀ ਰਹੇ ਤੇ ਬਾਕੀ ਮੰਤਰੀ ਸਮੇਂ ਸਮੇਂ ਤੇ ਬਦਲਦੇ ਰਹੇ ਹਨ। ਪੰਜ ਸਾਲਾਂ ਵਿਚ ਕੱਚੇ ਮੁਲਾਜ਼ਮਾਂ ਦੀ ਸਰਕਾਰ ਨੇ ਬਿੱਲਕੁਲ ਵੀ ਸਾਰ ਨਹੀ ਲਈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਲਗਦਾ ਹੈ ਕਿ ਕਾਂਗਰਸ ਸਰਕਾਰ ਦੀਆ ਕਮੇਟੀਆ ਸਿਰਫ ਫਰੇਮ ਕਰਵਾ ਕੇ ਰੱਖਣਯੋਗ ਹੀ ਹਨ। ਕਿਉਕਿ ਸਾਢੇ ਚਾਰ ਸਾਲਾਂ ਵਿਚ ਜੇਕਰ ਕਮੇਟੀਆ ਨੇ ਕੁਝ ਨਹੀ ਕੀਤਾ ਤਾਂ ਹੁਣ ਕੀ ਹੋਵੇਗਾ। ਇਸ ਲਈ ਕੱਚੇ ਮੁਲਾਜ਼ਮਾਂ ਦਾ ਇਕ ਵਫਦ ਅੱਜ 29 ਅਕਤੂਬਰ ਨੂੰ ਹੁਣ ਤੱਕ ਬਣੀਆ ਕਮੇਟੀਆ ਦੇ ਪੱਤਰ ਫਰੇਮ ਕਰਵਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ ਮੁੱਖ ਮੰਤਰੀ ਨਿਵਾਸ ਵਿੱਖੇ ਸੋਪਣ ਜਾਣਗੇ ਅਤੇ ਮੁੱਖ ਮੰਤਰੀ ਨੂੰ ਅਪੀਲ ਕਰਨਗੇ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਤੁਰੰਤ ਮੁੱਖ ਮੰਤਰੀ ਨੋਟੀਫਿਕੇਸ਼ਨ ਜ਼ਾਰੀ ਕਰਨ।