ਪੰਜਾਬਮਾਲਵਾ
Trending

ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਮੋਗਾ ਪਹੁੰਚੇ

Punjab Chief Electoral Officer arrives in Moga to review preparations for Assembly elections 2022.

ਮੋਗਾ, 30 ਅਕਤੂਬਰ (ਬਿਊਰੋ) ਜ਼ਿਲ੍ਹਾ ਮੋਗਾ, ਫਿਰੋਜ਼ਪੁਰ ਅਤੇ ਫਰੀਦਕੋਟ ‘ਚ ਵਿਧਾਨ ਸਭਾ ਚੋਣਾਂ-2022 ਨੂੰ ਸੁਰੱਖਿਅਤ, ਸੁਤੰਤਰ, ਨਿਰਵਿਘਨ, ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਅੱਜ ਮੋਗਾ ਪੁੱਜੇ। ਉਨ੍ਹਾਂ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਸਮੇਤ ਜ਼ਿਲ੍ਹਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਇਲੈਕਟ੍ਰੋਲ ਅਧਿਕਾਰੀਆਂ ਨਾਲ ਬੈਠਕ ਕਰਕੇ ਸਮੁੱਚੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ-2022 ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਉਨਾਂ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਤੀਜੇ ਲਿੰਗ ਵਾਲੇ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਦੋਂਕਿ ਰਾਜ ਅੰਦਰ 3 ਲੱਖ ਨੌਜਵਾਨ ਨਵੇਂ ਵੋਟਰ ਬਣੇ ਹਨ ਅਤੇ ਇਨ੍ਹਾਂ ਨੂੰ ਮਾਣ ਨਾਲ ਚੋਣ ਪ੍ਰਕ੍ਰਿਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਰਾਜ ਦੇ 5 ਲੱਖ ਸੀਨੀਅਰ ਸਿਟੀਜਨ ਵੋਟਰਾਂ ਲਈ ਪੋਸਟਲ ਬੈਲੇਟ ਪੇਪਰ ਵਰਤੇ ਜਾਣਗੇ। ਜਦੋਂਕਿ ਮਹਿਲਾ ਵੋਟਰਾਂ ਲਈ ਇਸ ਵਾਰ ‘ਤੁਹਾਡੀ ਵੋਟ ਤੁਹਾਡੀ ਤਾਕਤ ਤੇ ਤੁਹਾਡਾ ਮਾਣ’ ਨਾਮ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਰ ਵੋਟਰਾਂ ਨੂੰ ਦਸਤੀ ਵੋਟਰ ਸਲਿਪਾਂ ਜਾਰੀ ਕਰਨ ਦੇ ਨਾਲ ਨਾਲ ਈ-ਵੋਟਰ ਸਲਿਪ ਵੀ ਜਾਰੀ ਕੀਤੀ ਜਾਵੇਗੀ। ਇਹ ਵੋਟਰ ਦੇ ਫੋਨ ਉੱਤੇ ਮਿਲੇਗੀ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਨਾਲ ਜੁੜਨ ਲਈ ਵੋਟਰ ਹੈਲਪ ਲਾਈਨ ਐਪ ਨੂੰ ਡਾਊਨਲੋਡ ਕਰਨ। ਇਸ ਐਪ ਉੱਤੇ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੋਵੇਗੀ।

ਪੱਤਰਕਾਰਾਂ ਦੇ ਸਵਾਲ ਦੇ ਜਵਾਬ ‘ਚ ਡਾ. ਰਾਜੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਕੰਮ ਨੂੰ ਤੇਜ਼, ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ‘ਚ ਰਾਜ ਅੰਦਰ ਅਰਧ ਸੁਰੱਖਿਆ ਬਲਾਂ ਦੀਆਂ 525 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਵਾਰ ਵੀ ਲੋੜ ਮੁਤਾਬਿਕ ਕੰਪਨੀਆਂ ਦੀ ਮੰਗ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖ਼ਤ ਲਈ ਹਰ ਨਜ਼ਰੀਏ ਤੋਂ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਭਗੌੜੇ ਮੁਜ਼ਰਮਾਂ, ਪੈਰੋਲ ਜੰਪਰਾਂ, ਗੜਬੜੀ ਕਰਨ ਵਾਲਿਆਂ, ਨਸ਼ਾ ਤਸਕਰਾਂ ਅਤੇ ਗ਼ੈਰਜਮਾਨਤੀ ਵਰੰਟਾਂ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਦਿਆਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਵਾਰ ਹਰੇਕ ਬੂਥ ਦੀ 100 ਫੀਸਦੀ ਵੀਡੀਓਗਰਾਫੀ ਅਤੇ ਵੈਬ ਕਾਸਟਿੰਗ ਕੀਤੀ ਜਾਵੇਗੀ।

ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਬੂਥ ਲੈਵਲ ਅਧਿਕਾਰੀਆਂ ਦੁਆਰਾ ਸਾਰੇ ਪੋਲਿੰਗ ਸਟੇਸ਼ਨਾਂ ਦੀ ਡਿਜੀਟਲ ਮੈਪਿੰਗ ਲਈ ਗਰੁੜ ਐਪ ਵਿਕਸਤ ਕੀਤੀ ਗਈ ਹੈ। ਇਸ ਐਪ ਰਾਹੀਂ ਬੀ.ਐਲ.ਓ ਆਪਣੇ ਰਜਿਸਟਰਡ ਮੋਬਾਇਲ ਨੰਬਰਾਂ ਰਾਹੀਂ ਪੋਲਿੰਗ ਸਟੇਸ਼ਨਾਂ ਦੀਆਂ ਫੋਟੋਆਂ ਅਤੇ ਸਥਾਨ ਦੀ ਜਾਣਕਾਰੀ ਅਪਲੋਡ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਐਪ ਜਿੱਥੇ ਮਨੁੱਖੀ ਸ਼ਕਤੀ ‘ਤੇ ਨਿਰਭਰਤਾ ਘਟਾਏਗੀ, ਉਥੇ ਹੀ ਕਾਗਜ਼ੀ ਕੰਮਾਂ ਨੂੰ ਵੀ ਘੱਟ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਅਤੇ ਹੁਣ ਬੀ.ਐਲ.ਓਜ਼ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ, ਕੱਟਣ ਜਾਂ ਆਪਣੇ ਪਤੇ ਵਿੱਚ ਸੋਧ ਕਰਵਾ ਸਕਣਗੇ।

ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਪੋਲਿੰਗ ਬੂਥਾਂ ਦੀ ਗਿਣਤੀ 23211 ਤੋਂ ਵਧਾ ਕੇ 24659 ਕਰ ਦਿੱਤੀ ਗਈ ਹੈ ਅਤੇ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਜ਼ਿਲ੍ਹਾ ਮੋਗਾ ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ 93 ਨਵੇਂ ਬੂਥ ਬਣਾਏ ਗਏ ਹਨ। ਉਹਨਾਂ ਕਿਹਾ ਕਿ ਪਹਿਲਾਂ 1400 ਵੋਟਰਾਂ ਲਈ ਬੂਥ ਬਣਾਇਆ ਜਾਂਦਾ ਸੀ ਜਦਕਿ ਹੁਣ ਕਰੋਨਾ ਕਾਰਨ ਵੋਟਰਾਂ ਦੀ ਗਿਣਤੀ ਨੂੰ ਘਟਾ ਕੇ 1200 ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ‘ਚ ਮਾਸਕਾਂ, ਦਸਤਾਨਿਆਂ, ਸੈਨੇਟਾਈਜ਼ਰ ਤੇ ਸਮਾਜਿਕ ਦੂਰੀ ਆਦਿ ਦੇ ਵਿਸੇਸ਼ ਬੰਦੋਬਸਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਜਮਹੂਰੀਅਤ ਦਾ ਅਹਿਮ ਤਿਉਹਾਰ ਹੈ, ਇਸ ਲਈ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸੁਤੰਤਰ ਤਰੀਕੇ ਨਾਲ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਮੀਡੀਆ ਵੀ ਸਹਿਯੋਗ ਕਰੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ‘ਚ ਐਮ-3 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ, ਜਿਨ੍ਹਾਂ ‘ਚ ਖ਼ਰਾਬੀ ਦੀ ਕੋਈ ਗੁੰਜਾਇਸ਼ ਨਹੀਂ ਹੈ।

ਉਨ੍ਹਾਂ ਦੱਸਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਵੋਟਰਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਦੇ ਨਾਲ-ਨਾਲ ਅਕਾਲ ਚਲਾਣਾ ਕਰ ਚੁੱਕੇ ਵੋਟਰਾਂ ਅਤੇ ਤਰਕਪੂਰਨ ਗ਼ਲਤੀਆਂ ਨੂੰ ਵੋਟਰ ਸੂਚੀ ਵਿੱਚੋਂ ਕੱਢਣ ਦੇ ਨਾਲ-ਨਾਲ ਸਵੀਪ ਅਭਿਆਨ ਤਹਿਤ ਆਪਣੇ ਖੇਤਰਾਂ ਵਿੱਚ ਵਿਆਪਕ ਜਾਗਰੂਕਤਾ ਗਤੀਵਿਧੀਆਂ ਵੀ ਚਲਾਉਣ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 1 ਨਵੰਬਰ ਨੂੰ ਕੀਤੀ ਜਾਵੇਗੀ ਅਤੇ ਇਸ ‘ਚ ਸੋਧਾਂ, ਦਾਅਵੇ ਅਤੇ ਇਤਰਾਜਾਂ ਲਈ ਇੱਕ ਮਹੀਨੇ ਵਾਸਤੇ ਵੋਟਰਾਂ ਦੇ ਸਨਮੁੱਖ ਰੱਖਿਆ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਹੋਵੇਗੀ।

ਇਸ ਮੌਕੇ ਡਾ. ਕਰੁਣਾ ਰਾਜੂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੁਚੇ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਬਾਰੇ ਵਿਸਥਾਰਤ ਗੱਲਬਾਤ ਕੀਤੀ।

Show More

Related Articles

Leave a Reply

Your email address will not be published.

Back to top button