
ਲੁਧਿਆਣਾ 30 ਅਕਤੂਬਰ (ਬਿਊਰੋ) ਲੁਧਿਆਣਾ ਦੇ ਸੁੰਦਰ ਨਗਰ ਵਿਖੇ ਅੱਜ ਸ਼ਨੀਵਾਰ ਸਵੇਰੇ 10 ਵਜੇ ਦੇ ਲਗਭਗ ਮੁਥੂਟ ਫਿਨ ਕਰੋਪ ਗੋਲਡ ਲੋਨ ਕੰਪਨੀ ਵਿੱਚ ਲੁਟੇਰਿਆਂ ਵਲੋਂ ਲੁੱਟ ਦੀ ਨਾਕਾਮ ਕੋਸ਼ਿਸ਼ ਹੋਈ। ਇਸ ਦੌਰਾਨ ਲੁੱਟਣ ਆਏ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਸੁਰੱਖਿਆ ਮੁਲਾਜ਼ਮ ਨੇ ਮੌਕੇ ‘ਤੇ ਹੀ ਮਾਰ ਦਿੱਤਾ। ਜਦਕਿ ਲੁਟੇਰਿਆਂ ਵੱਲੋਂ ਚਲਾਈ ਗੋਲੀ ਵਿਚ ਕੰਪਨੀ ਦਾ ਮੈਨੇਜਰ ਜ਼ਖ਼ਮੀ ਹੋ ਗਿਆ ਹੈ।
ਇਸ ਮੌਕੇ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਲੁਧਿਆਣਾ ਦੇ ਏਸੀਪੀ ਧਰਮਪਾਲ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਦੀ ਇਹ ਵਾਰਦਾਤ ਹੋਈ ਹੈ। ਜਦੋਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਫਾਈਨੈਂਸ ਕੰਪਨੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਗਾਰਡ ਦੀ ਬਹਾਦਰੀ ਅਤੇ ਮੈਨੇਜਰ ਦੀ ਬਹਾਦਰੀ ਨਾਲ ਇਹ ਲੁੱਟ ਨਾਕਾਮ ਰਹੀ । ਗਾਰਡ ਨੇ ਗੋਲੀ ਚਲਾ ਕੇ ਇਕ ਲੁਟੇਰੇ ਨੂੰ ਢੇਰ ਕਰ ਦਿੱਤਾ, ਜਦੋਂਕਿ ਦੋ ਭੱਜਣ ਚ ਕਾਮਯਾਬ ਰਹੇ, ਜਿਨ੍ਹਾਂ ਨੂੰ ਪੁਲਿਸ ਵੱਲੋਂ ਲਗਾਤਾਰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਦੱਸਣਯੋਗ ਹੈ ਕਿ ਲੁੱਟ ਸਮੇਂ ਹਥਿਆਰਬੰਦ ਲੁਟੇਰਿਆਂ ਤੇ ਸੁਰੱਖਿਆ ਗਾਰਡ ਵਿਚਕਾਰ ਗੋਲੀਬਾਰੀ ਹੋਈ, ਜਿਸ ਵਿੱਚ ਲੁਟੇਰਾ ਮਾਰਿਆ ਗਿਆ, ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਇਕ ਨੂੰ ਕੰਪਨੀ ਦੇ ਮੁਲਾਜ਼ਮਾਂ ਅਤੇ ਲੋਕਾਂ ਨੇ ਕਾਬੂ ਕਰ ਲਿਆ। ਕੰਪਨੀ ਦੇ ਮੈਨੇਜਰ ਨੂੰ ਵੀ ਗੋਲੀ ਲੱਗੀ ਅਤੇ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ।