ਪੰਜਾਬ ਦੇ ਚਾਰ ਨਵੇਂ ਮੈਡੀਕਲ ਕਾਲਜਾਂ ਨਾਲ ਐਮ.ਬੀ.ਬੀ.ਐਸ ਸੀਟਾਂ ਦੁੱਗਣੀਆਂ ਹੋਣਗੀਆਂ: ਓ.ਪੀ.ਸੋਨੀ

ਸੁਲਤਾਨਪੁਰ ਲੋਧੀ 03 ਅਗਸਤ: ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓ.ਪੀ.ਸੋਨੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਬਣਾਏ ਜਾ ਰਹੇ ਚਾਰ ਨਵੇਂ ਮੈਡੀਕਲ ਕਾਲਜਾਂ ਲਈ ਵਿੱਤੀ ਗਰਾਂਟ ਦੀ ਪਹਿਲੀ ਕਿਸ਼ਤ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਇਨ੍ਹਾਂ ਦੀ ਸਥਾਪਨਾ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ। ਇਸ ਨਾਲ ਸੂਬੇ ਵਿੱਚ ਐਮ.ਬੀ.ਬੀ.ਐਸ.ਦੀਆਂ ਸੀਟਾਂ 700 ਤੋਂ ਵੱਧ ਕੇ 1500 ਹੋ ਜਾਣਗੀਆਂ। ਨਵੇਂ ਮੈਡੀਕਲ ਕਾਲਜ ਕਪੂਰਥਲਾ, ਹੁਸ਼ਿਆਰਪੁਰ, ਮੋਹਾਲੀ ਅਤੇ ਮਲੇਰਕੋਟਲਾ ਵਿੱਚ ਬਣਨਗੇ।
ਫਗਵਾੜਾ ਨੇੜੇ ਪਿੰਡ ਵਿਰਕ ਵਿਖੇ ਨਵੇਂ ਜੀ.ਬੀ. ਇੰਸਟੀਚਿਊਟ ਆਫ਼ ਨਰਸਿੰਗ ਅਤੇ ਹੋਮ ਸਾਇੰਸਜ਼ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਓ.ਪੀ.ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ 2021-22 ਵਿੱਚ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਹਰੇਕ ਮੈਡੀਕਲ ਕਾਲਜ ਲਈ 40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਤੋਂ ਇਲਾਵਾ ਇਸ ਸਬੰਧੀ ਵਿਸਥਾਰਿਤ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ 325 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਕਪੂਰਥਲਾ ਦਾ ਮੈਡੀਕਲ ਕਾਲਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ 300 ਬਿਸਤਰਿਆਂ ਹੋਸਟਲ, ਐਜੂਕੇਸ਼ਨ ਕਾਲਜ, ਰਿਹਾਇਸ਼ੀ ਕੰਪਲੈਕਸ, ਬਹੁ ਮੰਜ਼ਲੀ ਪਾਰਕਿੰਗ ਆਦਿ ਨਾਲ ਲੈਸ ਹੋਵੇਗਾ। ਕੇਂਦਰੀ ਮੈਡੀਕਲ ਕਮਿਸ਼ਨ ਵਲੋਂ ਮੈਡੀਕਲ ਕਾਲਜ ਲਈ ਫੈਕਲਟੀ ਅਤੇ ਪ੍ਰੋਫੈਸਰਾ ਦੀ ਭਰਤੀ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਇਥੇ ਜਲਦ ਕਲਾਸਾਂ ਸ਼ੁਰੂ ਹੋ ਜਾਣਗੀਆਂ।
ਕੋਰੋਨਾ ਵਿਰੁੱਧ ਲੜਾਈ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਓ.ਪੀ.ਸੋਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਰਸਿੰਗ ਕਾਲਜ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਡਾਕਟਰੀ ਸਿੱਖਿਆ ਨੂੰ ਹੋਰ ਹੁਲਾਰਾ ਦੇਵੇਗਾ ਕਿਉਂਕਿ ਨਰਸਿੰਗ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਜੀ.ਬੀ.ਸਿੰਘ, ਡਾ.ਬੀ.ਐਸ.ਭਾਟੀਆ, ਕਾਂਗਰਸੀ ਆਗੂ ਕਮਲ ਧਾਲੀਵਾਲ, ਕੈਪਟਨ ਸੰਜੀਵ ਸ਼ਰਮਾ ਉ.ਐਸ.ਡੀ. ਅਤੇ ਹੋਰ ਵੀ ਹਾਜ਼ਰ ਸਨ।