
ਮਲੋਟ 2 ਨਵੰਬਰ (ਵਿੱਕੀ ਮਲੋਟ) ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨ ਫਰਮੇਸ਼ਨ ਤਕਨਾਲੋਜੀ ਮਲੋਟ ਮਿਮਿਟ ਦੇ ਸਮੂਹ ਕਰਮਚਾਰੀਆਂ ਨੂੰ ਪਿਛਲੇ ਇਕ ਸਾਲ ਤੋਂ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਮਲਾਜ਼ਮ ਆਰਥਿਕ ਪੱਖੋਂ ਤੰਗ ਪ੍ਰੇਸ਼ਾਨ ਹਨ। ਜਿਸ ਦੇ ਤਹਿਤ ਮੁਲਾਜ਼ਮਾਂ ਵੱਲੋਂ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਦੁਖੀ ਹੋਏ ਮੁਲਾਜ਼ਮਾਂ ਵਲੋਂ ਮਲੋਟ ਦੇ ਬਠਿੰਡਾ ਚੌਕ ਵਿੱਚ ਧਰਨਾ ਲਗਾ ਗਿਆ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਦਿਵਾਲੀ ਤੋਂ ਪਹਿਲਾਂ ਕਾਲੀ ਦੀਵਾਲੀ ਮਨਾਈ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ।
ਇਹ ਕਾਲੇ ਬਿਲੇ ਲਗਾ ਅਤੇ ਹੱਥਾਂ ਵਿਚ ਕਾਲੇ ਬੈਨਰ ਫੜ ਕੇ ਦਿਵਾਲੀ ਤੋਂ ਪਹਿਲਾਂ ਕਾਲੀ ਦੀਵਾਲੀ ਮਨਾ ਰਹੇ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨ ਫਰਮੇਸ਼ਨ ਟਕਨਾਲੋਜੀ ਮਲੋਟ ਦੇ ਸੈਕੜੇ ਮੁਲਾਜਮ ਹਨ, ਜਿਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਰਕੇ ਇਨਾ ਦੀ ਇਸ ਵਾਰ ਦੀ ਕਾਲੀ ਦਿਵਾਲੀ ਹੈ।
ਇਸ ਮੌਕੇ ਮੁਲਾਜ਼ਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਤਿੰਨ ਇੰਜਨੀਅਰਿੰਗ ਕਾਲਜਾਂ ਦੀ ਇੱਕੋ ਜਿਹੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਦਸੰਬਰ 2020 ਵਿੱਚ, ਉਦੋਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਬੇਅੰਤ ਕਾਲਜ ਆਫ਼ ਇੰਜਨੀਅਰਿੰਗ ਗੁਰਦਾਸਪੁਰ ਅਤੇ ਸ਼ਹੀਦ ਭਗਤ ਸਿੰਘ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਨੂੰ 15-15 ਕਰੋੜ ਅਤੇ ਮਿਮਿਟ ਮਲੋਟ ਨੂੰ 5 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਪ੍ਰਤੀ ਸਾਲ ਗਰਾਂਟ ਦੇਣ ਦਾ ਐਲਾਨ ਕੀਤਾ ਸੀ।
ਮੁਲਾਜ਼ਮਾਂ ਨੇ ਕਿਹਾ ਕਿ ਉਕਤ ਦੋਵੇਂ ਕਾਲਜਾਂ ਨੂੰ ਤਾਂ ਸਾਢੇ 4 ਕਰੋੜ ਰੁਪਏ ਪਹਿਲੀ ਕਿਸ਼ਤ ਵਜੋਂ ਜਾਰੀ ਕਰ ਦਿੱਤੇ ਪਰ ਮਿਮਿਟ ਮਲੋਟ ਨੂੰ ਅਜੇ ਤੱਕ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ। ਮਿਮਿਟ ਐਕਸ਼ਨ ਕਮੇਟੀ ਮਲੋਟ ਨੇ ਕਿਹਾ ਕਿ ਕਾਲਜ ਨੂੰ ਮਿਮਿਟ ਮਲੋਟ ਨੂੰ ਗ੍ਰਾਂਟ ਜਾਰੀ ਨਾ ਹੋਣ ਕਰਕੇ ਹੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ, ਜਿਸ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਧਰਨਾ ਦਿੱਤਾ ਜਾ ਰਿਹਾ ਹੈ।
ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਮਿਲਣ ਕਰਕੇ ਸਾਡੇ ਪਰਿਵਾਰਾਂ ਲਈ ਇਸ ਵਾਰ ਦਿਵਾਲੀ ਮਨਾਉਣੀ ਮੁਸ਼ਕਲ ਹੈ। ਇਸ ਲਈ ਸਾਡੇ ਵਲੋਂ ਇਸ ਵਾਰ ਦੀਵਾਲੀ ਤੋਂ ਪਹਿਲਾਂ ਕਾਲੀ ਦਿਵਾਲੀ ਮਨਾਈ ਜਾ ਰਹੀ ਹੈ।