
ਅੰਮ੍ਰਿਤਸਰ, 3 ਨਵੰਬਰ: ਅੰਮ੍ਰਿਤਸਰ ਦੇ ਰਾਮ ਤਲਾਈ ਮੰਦਰ ਵਿਖੇ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਸ਼ਬਦੀ ਵਿਅੰਗ ਕੀਤੇ ਹਨ। ਸ. ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਰੋਂਦੂ ਬੱਚਾ ਬਣ ਗਿਆ ਹੈ। ਸ. ਸਿੱਧੂ ਨੇ ਕੈਪਟਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਦੱਸਦਿਆਂ ਕਿਹਾ ਕਿ, “ਜਿਹੜਾ ਕੈਪਟਨ ਅਮਰਿੰਦਰ ਸਿੰਘ ਅੱਜ ਰੇਤ ਮਾਫੀਆ ਦੀ ਗੱਲ ਕਰ ਰਿਹਾ ਹੈ, ਉਹ ਪਹਿਲਾਂ ਕਿੱਥੇ ਸੀ।” ਉਨ੍ਹਾਂ ਕਿਹਾ ਕਿ, “ਮੁਖ ਮੰਤਰੀ ਰਹਿੰਦੇ ਹੋਏ ਕੈਪਟਨ ਵਲੋਂ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ?”
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਇੰਨੇ ਤੈਸ਼ ‘ਚ ਆ ਗਏ ਕਿ ਉਹ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ। ਦੱਸਣਯੋਗ ਹੈ ਕਿ ਜਦੋ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ ਕਿ ਕੈਪਟਨ ਤੁਹਾਡੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਵੇਗਾ ! ਸ. ਸਿੱਧੂ ਨੇ ਕਿਹਾ ਕਿ ਕੈਪਟਨ ਮੇਰੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਰਿਹਾ ਹੈ, ਪਰ ਉਸ ਦਾ ਸਾਥ ਤਾਂ ਉਸ ਦੀ ਪਤਨੀ ਨੇ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਆਪਣੇ ਨਾਲ ਇਕ ਕੌਂਸਲਰ ਤੱਕ ਵੀ ਖੜ੍ਹਾ ਨਹੀਂ ਕਰ ਸਕੇ।
ਸ. ਸਿੱਧੂ ਨੇ ਕਿਹਾ ਕਿ, ਜਿਵੇਂ-ਜਿਵੇਂ ਬੰਦੇ ਦੀ ਉਮਰ ਵੱਧਦੀ ਹੈ, ਉਵੇਂ ਉਵੇਂ ਉਹ ਬੱਚਾ ਬਣਦਾ ਜਾਂਦਾ ਹੈ, ਇਸੇ ਤਰ੍ਹਾਂ ਹੁਣ ਕੈਪਟਨ ਰੋਂਦੂ ਬੱਚਾ ਬਣ ਗਿਆ ਹੈ। ਸ. ਸਿੱਧੂ ਨੇ ਕਿਹਾ ਕਿ, ਰੇਤ ਦਾ ਰੇਟ ਫਿਕਸ ਹੋਵੇਗਾ। ਉਨ੍ਹਾਂ ਕਿਹਾ ਕਿ, ਜਲਦ ਨੀਤੀਆਂ ਬਣਨਗੀਆਂ ਤਾਂ ਜੋ ਪੰਜਾਬ ਦਾ ਸੁਧਾਰ ਹੋਵੇਗਾ। ਸਿੱਧੂ ਪੰਜਾਬ ਦੇ ਰੋਡ ਮੈਪ ਨਾਲ ਖੜ੍ਹੇਗਾ। ਸ. ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਫਰੌਡ ਦੱਸਿਆ ਅਤੇ ਕਿਹਾ ਕਿ, ਕੈਪਟਨ ਅਮਰਿੰਦਰ ਚੱਲਿਆ ਹੋਇਆ ਕਾਰਤੂਸ ਹੈ।