ਫਿਰ ਚਹਿਚਹਾਇਆ ‘ਗੁਰਪ੍ਰੀਤ ਹੋਲੀ ਹਾਰਟ ਸਕੂਲ’ ਦਾ ਵਿਹੜਾ

ਮਹਿਲ ਕਲਾਂ, 4 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਸਕੂਲ ਦਾ ਵਿਹੜਾ ਅੱਜ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੇ ਆਉਣ ਨਾਲ ਇੱਕ ਵਾਰ ਫਿਰ ਤੋਂ ਖਿੜ ਉਠਿਆ। ਬੱਚਿਆਂ ਦੇ ਖਿੜੇ ਹੋਏ ਚਿਹਰੇ ਇਸ ਗੱਲ ਦਾ ਸਬੂਤ ਸਨ ਕਿ ਇੰਨੇ ਮਹੀਨਿਆਂ ਬਾਅਦ ਫਿਰ ਸਕੂਲ ਆ ਕੇ, ਆਪਣੇ ਦੋਸਤਾਂ ਨੂੰ ਮਿਲ ਕੇ ਬੱਚੇ ਕਿੰਨੇ ਖੁਸ਼ ਹਨ । ਵਿਦਿਆਰਥੀਆਂ ਦੀ ਸਕੂਲ ‘ਚ ਆਮਦ ਦੇ ਮੱਦੇਨਜ਼ਰ ਸਾਫ਼ ਸਫ਼ਾਈ ਅਤੇ ਕੋਰੋਨਾ ਹਦਾਇਤਾਂ ਦੀ ਪਾਲਣ ਦੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ।
ਪ੍ਰਿੰਸੀਪਲ ਮਿਸਿਜ਼ ਨਵਜੋਤ ਕੌਰ ਜੀ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ‘ਜੀ ਆਇਆਂ’ ਕਹਿ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਬੱਚਿਆਂ ਦੇ ਹੱਥ ਸੈਨੇਟਾਈਜ਼ ਕਰਵਾਏ ਗਏ ਤੇ ਟੈਂਪਰੇਚਰ ਵੀ ਚੈੱਕ ਕੀਤਾ ਗਿਆ। ਸਕੂਲ ਦੇ ਵਿਚ ਸਮਾਜਿਕ ਦੂਰੀ ਬਰਕਰਾਰ ਰੱਖਣ ਲਈ ਉਚੇਚੇ ਤੌਰ ‘ਤੇ ਪ੍ਰਬੰਧ ਕੀਤੇ ਗਏ ਸਨ। ਪ੍ਰਿੰਸੀਪਲ ਵਲੋਂ ਕੋਵਿਡ ਪ੍ਰੋਟੋਕੋਲ ਅਧੀਨ ਕੀਤੇ ਹੋਏ ਵਿਸ਼ੇਸ਼ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਕੂਲ ਦੇ ਸਟਾਫ ਵਿਚ ਵਿਦਿਆਰਥੀਆਂ ਦੀ ਆਮਦ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਬੱਚੇ ਮੋਬਾਈਲ ਦੀ ਦੁਨੀਆ ਤੋਂ ਬਾਹਰ ਆ ਕੇ ਬਹੁਤ ਖੁਸ਼ ਸਨ।
ਸਕੂਲ ਖੁੱਲਣ ਦੇ ਪਹਿਲੇ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਚਾਅ ਅਤੇ ਉਤਸ਼ਾਹ ਨਾਲ ਕਲਾਸਾਂ ਦੇ ਕਮਰਿਆਂ ‘ਚ ਪੜਾਈ ਸ਼ੁਰੂ ਕੀਤੀ ਗਈ। ਅਧਿਆਪਕ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਦੇ ਰਹੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਜੀ ਨੇ ਬੱਚਿਆਂ , ਮਾਪਿਆਂ ਅਤੇ ਸਮੂਹ ਸਟਾਫ ਨੂੰ ਸਕੂਲ ਖੁੱਲ੍ਹਣ ਤੇ ਵਧਾਈ ਦਿੰਦੇ ਹੋਏ, ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ ।