
ਕਿਹਾ, 100 ਦਿਨਾਂ ਦੀ ਸਰਕਾਰ ਵੱਲੋਂ ਸਿਰਫ਼ ਐਲਾਨ ਕੀਤੇ ਜਾ ਰਹੇ ਪਰ ਲੋਕਾਂ ਦੇ ਹੱਥ ਕੁਝ ਨਹੀਂ ਆਇਆ
ਫਿਰੋਜ਼ਪੁਰ, 10 ਨਵੰਬਰ (ਅਸ਼ੋਕ ਭਾਰਦਵਾਜ) ਕਿਸਾਨ ਡੀਏਪੀ ਖਾਦ ਲਈ ਸੜਕਾਂ ‘ਤੇ ਰੁੱਲ ਰਹੇ ਹਨ ਅਤੇ ਬਲੈਕ ‘ਚ 1200 ਰੇਟ ਵਾਲੀ ਖਾਦ ਕਿਸਾਨ 1600 ਰੁਪਏ ‘ਚ ਖਰੀਦਣ ਲਈ ਮਜ਼ਬੂਰ ਹਨ। ਪਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਦਿੱਲੀ ਦਰਬਾਰ ‘ਚ ਸਲਾਮੀ ਮਾਰਨ ਅਤੇ ਫੋਟੋਆਂ ਖਿਚਵਾਉਣ ਤੋਂ ਵੇਹਲ ਨਹੀਂ, ਪਰ ਇੱਧਰ ਪੰਜਾਬ ਦੇ ਕਿਸਾਨ ਡੀਏਪੀ ਖਾਦ ਲਈ ਤ੍ਰੈ-ਤ੍ਰੈ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕਾਂ ਤੇ ਨਤਮਸਤਕ ਹੋਂਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਫਿਰੋਜ਼ਪੁਰ ਸ਼ਹਿਰੀ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਕੁਮਾਰ ਦੇ ਹੱਕ ਵਿਚ ਵੱਖ-ਵੱਖ ਥਾਵਾਂ ਤੇ ਸ਼ਹਿਰੀ ਮਹਿਲਾਵਾਂ ਦੇ ਜਨ ਸਭਾਵਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਸੰਬੋਧਨ ਕਰਦਿਆ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2017 ‘ਚ ਕਾਂਗਰਸ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਨਾ ਤਾਂ ਕਿਸੇ ਨੂੰ ਸਮਾਰਟ ਫੋਨ ਮਿਲੇ ਹਨ, ਨਾ ਘਰ-ਘਰ ਨੌਕਰੀ ਮਿਲੀ ਹੈ, ਨਾ ਕਿਸੇ ਨੂੰ 51000 ਸ਼ਗਨ ਸਕੀਮ ਮਿਲੀ ਹੈ ਜਦ ਕਿ ਲੋਕਾਂ ਕੋਲ ਜੋ ਕੁਝ ਵੀ ਸੀ ਬਿਜਲੀ ਦੇ ਵੱਡੇ ਵੱਡੇ ਬਿੱਲ ਭੇਜ ਕੇ ਸਭ ਕਢਾ ਲਿਆ ਹੈ।

ਇਸ ਮੌਕੇ ਪੰਜਾਬ ਵਿਚ ਸਸਤੀ ਰੇਤਾ ਅਤੇ ਚੰਨੀ ਸਰਕਾਰ ਵੱਲੋਂ ਕੀਤੇ ਜਾ ਹੋਰ ਐਲਾਨਾਂ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਚੋਣਵੀਂ ਸਟੰਟ ਦੱਸਿਆ ਅਤੇ ਕਿਹਾ 100 ਦਿਨ ਦੀ ਸਰਕਾਰ ਕੋਲ ਪੰਜਾਬ ਦੇ ਮਸਲਿਆਂ ਦਾ ਲੜਾਈ ਨਹੀਂ ਸਿਰਫ ਕੁਰਸੀ ਦਾ ਲੜਾਈ ਲੜੀ ਜਾ ਰਹੀ ਹੈ। ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਬੀਬੀ ਬਾਦਲ ਨੇ ਕਿਹਾ ਕਿ ਜਿੱਥੇ ਵੀ ਚੋਣਾਂ ਹੋਣੀਆਂ ਹੁੰਦੀਆਂ ਹਨ ਕੇਜਰੀਵਾਲ ਉੱਥੇ ਪਹੁੰਚ ਜਾਂਦਾ ਹੈ ਪਰ 4 ਸਾਲ ਪਹਿਲਾ ਕੇਜਰੀਵਾਲ ਨੂੰ ਪੰਜਾਬ ਦੀ ਯਾਦ ਨਹੀਂ ਆਈ ਹੁਣ ਪੰਜਾਬ ‘ਚ ਕੇਜਰੀਵਾਲ ਦਾ ਕਾਂਗਰਸ ਨਾਲੋਂ ਵੀ ਬੁਰਾ ਹਾਲ ਹੋਣਾ ਹੈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਗੁਰਪੁਰਬ ਮੌਕੇ ਦੁਬਾਰਾ ਕਰਤਾਰਪੁਰ ਕੌਰੀਡੋਰ ਖੋਲ੍ਹਣ ਦੀ ਅਪੀਲ ਕਰਦਿਆ ਕਿਹਾ ਕਿ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਬੰਗਲਾਦੇਸ਼ ਦੀ ਤਰ੍ਹਾਂ ਪਾਕਿਸਤਾਨ ਨਾਲ ਵੀ ਤਬਦਲਾ ਕਰਕੇ ਧਾਰਮਿਕ ਸਥਾਨ ਸਾਡੇ ਹਿੱਸੇ ਆ ਜਾਣ ਜਿਹਨਾਂ ਦੇ ਬਾਅਦ ਖੁੱਲ੍ਹੇ ਦਰਸ਼ਨ ਦੀਦਾਰ ਹੋਣ ਦੇ ਨਾਲ ਸੇਵਾ ਸੰਭਾਲ ਵੀ ਕਰ ਸਕੀਏ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਜ਼ਿਲ੍ਹਾਂ ਜੱਥੇਦਾਰ ਵਰਦੇਵ ਸਿੰਘ ਨੋਨੀ ਮਾਨ, ਯੂਥ ਅਕਾਲੀ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਦਰਸ਼ਨ ਸਿੰਘ ਬਰਾੜ ਮੋਠਾਂ ਵਾਲਾ ਮੈਂਬਰ ਐਸਜੀਪੀਸੀ, ਪ੍ਰੀਤਮ ਸਿੰਘ ਮਲਸੀਆਂ ਤੇ ਹੋਰ ਵੀ ਅਕਾਲੀ-ਬਸਪਾ ਆਗੂ ਵੱਡੀ ਗਿਣਤੀ ‘ਚ ਹਾਜ਼ਰ ਸਨ।