
ਫਿਰੋਜ਼ਪੁਰ 11 ਨਵੰਬਰ (ਬਿਊਰੋ) ਸ਼੍ਰੋਮਣੀ ਅਕਾਲੀ ਦਲ ਵਲੋਂ ਕੱਲ ਕੀਤੀ ਗਈ ਰੈਲੀ ਦੌਰਾਨ ਹੋਈ ਘਟਨਾ ਤੋਂ ਬਾਅਦ ਫਿਰੋਜ਼ਪੁਰ ਮਾਮਲੇ ‘ਚ ਅਕਾਲੀ ਉਮੀਦਵਾਰ ਵਰਦੇਵ ਨੋਨੀ ਮਾਨ ਅਤੇ ਉਨ੍ਹਾਂ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਿਟੀ ਥਾਣੇ ‘ਚ ਦਰਜ਼ ਕੀਤੇ ਗਏ ਮਾਮਲੇ ‘ਚ ਇਰਾਦਾ ਕਤਲ ਸਮੇਤ ਕਈ ਹੋਰ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕੱਲ੍ਹ ਫਿਰੋਜ਼ਪੁਰ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਵੱਡਾ ਹੰਗਾਮਾ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਇਕ ਕਿਸਾਨ ਆਗੂ ਤੇ ਕੁਝ ਅਣਪਛਾਤਿਆਂ ਉਤੇ ਦੋਸ਼ ਲਗਾਏ ਹਨ, ਕਿ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਕੇ ਗੱਡੀ ਦੀ ਭੰਨ ਤੋੜ ਕੀਤੀ ਗਈ ਅਤੇ ਉਨ੍ਹਾਂ ਤੇ ਫਾਇਰਿੰਗ ਵੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਦੇਰ ਰਾਤ ਇਸ ਮਾਮਲੇ ਵਿੱਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਅਕਾਲੀ ਆਗੂ ਦੀ ਗੱਡੀ ਦੇ ਬੋਨਟ ਉਤੇ ਕੁਝ ਕਿਸਾਨ ਚੜ੍ਹੇ ਹੋਏ ਹਨ। ਪਰ ਇਸ ਦੇ ਬਾਵਜੂਦ ਅਕਾਲੀ ਆਗੂ ਗੱਡੀ ਭਜਾ ਕੇ ਲੈ ਗਏ, ਜਿਸ ਦੌਰਾਨ ਇਕ ਕਿਸਾਨ ਗੱਡੀ ਤੋਂ ਡਿੱਗਣ ਤੋਂ ਬਾਅਦ ਜ਼ਖਮੀ ਵੀ ਹੋਇਆ ਹੈ।
ਕੱਲ ਵਾਲੀ ਘਟਨਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰੈਸ ਬਿਆਨ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਅਕਾਲੀ ਆਗੂ ਵਲੋਂ ਕਿਸਾਨਾਂ ਉੱਤੇ ਗੋਲੀ ਚਲਾਈ ਗਈ ਅਤੇ ਪੰਜ ਕਿਸਾਨਾਂ ਨੂੰ ਅਕਾਲੀ ਆਗੂਆਂ ਦੀ ਗੱਡੀ ਨੇ ਟੱਕਰ ਮਾਰ ਕੇ ਜ਼ਖਮੀ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਕਿ ਜਦੋਂ ਕਿਸਾਨਾਂ ਨੇ ਅਕਾਲੀ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਆਗੂ ਵਰਦੇਵ ਸਿੰਘ ਮਾਨ ਨੇ ਕਥਿਤ ਤੌਰ ’ਤੇ ਉਨ੍ਹਾਂ ‘ਤੇ ਆਪਣੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਦੂਸਰੇ ਪਾਸੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਉਰਫ਼ ਨੋਨੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਖ਼ੁਦ ਬੱਚ ਗਏ, ਕਿਉਂਕਿ ਕਿਸਾਨਾਂ ਦੀ ਆੜ ਵਿੱਚ ਕੁੱਝ ਕਾਂਗਰਸੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਕੇ ਗੱਡੀ ’ਤੇ ਹਮਲਾ ਕਰ ਦਿੱਤਾ।