
ਚੰਡੀਗੜ੍ਹ 11 ਨਵੰਬਰ: ਬਠਿੰਡਾ ਦਿਹਾਤੀ ਹਲਕੇ ਦੀ ਵਿਧਾਇਕਾਂ ਬੀਬੀ ਰੁਪਿੰਦਰ ਰੂਬੀ ਵਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਨਾਲ ਜੁੜਣ ਦੀਆਂ ਖ਼ਬਰਾਂ ਦੀ ਚਰਚਾਂ ਹਾਲੇ ਮੱਠੀ ਵੀ ਨਹੀਂ ਪਈ ਸੀ ਕਿ ਅੱਜ ਸੁਨਾਮ ਵਿੱਚ ਪਾਰਟੀ ਨੂੰ ਉਸ ਵੇਲੇ ਇੱਕ ਹੋਰ ਵੱਡਾ ਝੱਟਕਾ ਲੱਗਿਆ, ਜਦੋਂ ਦੋ ਦਰਜਨ ਦੇ ਕਰੀਬ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਨਾਲ ਖੜੇ ਹੋਣ ਦਾ ਅਹਿਦ ਕਰ ਲਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਵਿਚ ਕੁੱਝ ਆਗੂ ਸੁਖਦੇਵ ਸਿੰਘ ਢੀਂਡਸਾ ਗਰੁੱਪ ਦੇ ਨਾਲ ਵੀ ਸੰਬੰਧਿਤ ਹਨ, ਜਿਨ੍ਹਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਹ ਸਾਰੇ ਆਗੂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਜਿਨ੍ਹਾਂ ਵਿੱਚੋਂ ਇਹ ਸਾਰੇ ਆਗੂ ਸੁਨਾਮ ਹਲਕੇ ਨਾਲ ਸਬੰਧਤ ਦੱਸੇ ਜਾਂਦੇ ਹਨ।

ਇਸ ਮੌਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਗੂਆਂ ਨੂੰ ਪਾਰਟੀ ਵਿੱਚ ‘ਜੀ ਆਇਆਂ’ ਕਹਿੰਦਿਆਂ ਮਾਣ ਸਤਿਕਾਰ ਦੇਣ ਦਾ ਪੂਰਨ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਅੱਜ ਸ਼ਾਮਿਲ ਹੋਏ, ਇਹ ਸਾਰੇ ਆਗੂ ਢੀਂਡਸਾ ਅਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋ ਕੇ ਤੇ ਅਕਾਲੀ ਸਰਕਾਰ ਵਲੋਂ ਪੰਜਾਬ ਦੇ ਹੱਕਾਂ ਦੀ ਉਠਾਈ ਜਾਂਦੀ ਆਵਾਜ਼ ਦੇ ਸਦਕੇ ਆਏ ਹਨ।