
ਮਹਿਲ ਕਲਾਂ 4 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਮੁੜ ਉਸਾਰੀ ਤੇ ਨਵੀਨੀਕਰਨ ਦੇ ਨਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਜਾ ਰਹੀ ਹੈ। ਇਹ ਸਰਾਂ ਬਾਕੀ ਹੋਰਨਾਂ ਸਰਾਵਾਂ ਵਰਗੀ ਸਰਾਂ ਨਹੀਂ ਹੈ, ਇਸ ਸਰਾਂ ਦੀ ਪੁਰਾਤਨ ਦਿੱਖ ਨੂੰ ਨੁਕਸਾਨ ਪਹੁੰਚਣ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਤੇ ਇਤਿਹਾਸਕ ਵਰਤਾਰਿਆਂ ਦੀ ਗਵਾਹੀ ਭਰ ਰਹੀ ਭਾਰਤ ਵੰਡ ਤੋਂ ਪਹਿਲਾਂ ਦੀ ਉਸਰੀ ਇਹ ਇਮਾਰਤ ਹਮੇਸ਼ਾ ਲਈ ਚੁੱਪ ਵੱਟੀ ਲਵੇਗੀ। ਇਸ ਨੂੰ ਢਾਹ ਕੇ ਬਣੀ ਕਿਸੇ ਵੀ ਇਮਾਰਤ ਨੂੰ ਸਿੱਖ ਪੰਥ ਕਦੇ ਵੀ ਖਿੜੇ ਮੱਥੇ ਪਰਵਾਨ ਨਹੀਂ ਕਰੇਗਾ ਭਾਵੇਂ ਉਹ ਕਿੰਨੀ ਵੀ ਆਧੁਨਿਕ ਢੰਗ ਨਾਲ ਕਿਉਂ ਨਾ ਬਣੀ ਹੋਵੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਭਾਈ ਅਮਿੰਤਪਾਲ ਸਿੰਘ ਛੰਦੜਾ ਤੇ ਕੋਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਸਾਝੇ ਪ੍ਰੈਸ ਬਿਆਨ ਰਾਹੀਂ ਕਹੇ। ਭਾਈ ਛੰਦੜਾ ਤੇ ਮੂੰਮ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਇਹ ਦਲੀਲ ਦਿੱਤੀ ਗਈ ਹੈ ਕਿ ਇਹ ਕੋਈ ਇਤਿਹਾਸਕ ਇਮਾਰਤ ਨਹੀਂ ਹੈ। ਪਰ ਅਸਲ ਮਾਇਨਿਆਂ ਵਿੱਚ ਇਹ ਇਮਾਰਤ ਇਸ ਪੱਖੋਂ ਇਤਿਹਾਸਕ ਹੈ ਕਿ ਇਹ ਸ਼੍ਰੋਮਣੀ ਕਮੇਟੀ ਦੁਆਰਾ ਸਥਾਪਤ ਕੀਤੀ ਪਹਿਲੀ ਰਿਹਾਇਸ਼ ਗਾਹ ਹੈ।
ਉਨ੍ਹਾਂ ਕਿਹਾ ਕਿ ਇਸ ਇਮਾਰਤ ਅੰਦਰ ਹੀ ਦਰਬਾਰ ਸਾਹਿਬ ਦੀ ਪਹਿਲੀ ਵੱਡੀ ਲਾਇਬਰੇਰੀ ਖੋਲੀ ਗਈ ਸੀ। ਸੰਨ ਸੰਤਾਲੀ ਦੀ ਵੰਡ ਵੇਲੇ ਉਜੜਿਆਂ ਨੇ ਇਥੇ ਪਨਾਹ ਲਈ, ਫਿਰ ਪੰਜਾਬੀ ਸੂਬੇ ਦੀ ਲੰਮੀ ਜੱਦੋ ਜਹਿਦ, ਧਰਮ ਯੁੱਧ ਮੋਰਚੇ ਤੇ ਜੂਨ 84 ਤੇ ਉਸਤੋਂ ਬਾਅਦ ਦੀਆਂ ਕਈ ਘਟਨਾਵਾਂ ਦੀਆਂ ਯਾਦਾਂ ਇਹ ਇਮਾਰਤ ਆਪਣੀ ਬੁੱਕਲ਼ ਵਿਚ ਸੰਭਾਲ ਕੇ ਬੈਠੀ ਹੈ।
ਉਨਾਂ ਕਿਹਾ ਕਿ ਦਾਰਸ਼ਨਿਕ ਅਤੇ ਦੂਰ ਦਰਿਸ਼ਟ ਲੋਕ ਆਪਣੀਆਂ ਪੁਰਾਤਨ ਇਮਾਰਤਾਂ ਨੂੰ ਜਿਉਂ ਦਾ ਤਿਉਂ ਸੰਭਾਲ ਕੇ ਰੱਖਦੇ ਹਨ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਇਤਿਹਾਸ ਨਾਲ ਜੁੜੀਆਂ ਰਹਿਣ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਸਮੇਂ ਦਰਬਾਰ ਸਾਹਿਬ ਵਿੱਚ ਕਾਰ ਸੇਵਾ ਦੇ ਨਾਮ ਤੇ ਦਰਸ਼ਨੀ ਦਿਓੜੀ ਦੇ ਦਰਵਾਜੇ ਤੱਕ ਲਾਹ ਲਏ ਗਏ ਜੋ ਮੁੜ ਅੱਜ ਤੱਕ ਉਥੇ ਨਹੀਂ ਲਾਏ ਗਏ। ਜੂਨ ਚੁਰਾਸੀ ਵੇਲੇ ਦੀਆਂ ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ ਗਏ ਅਤੇ ਹੁਣ ਇਹ ਸਰਾਂ ਨੂੰ ਵੀ ਢਾਹੁਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਦਾ ਵਿਰੋਧ ਹੋਣਾ ਵੀ ਸੁਭਾਵਿਕ ਹੈ ਪਰ ਵਿਰੋਧ ਵਿੱਚ ਉਠ ਰਹੀਆਂ ਆਵਾਜਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗਾ ਹੈ। ਉਨ੍ਹਾਂ ਨੇ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਕਰਦੀ ਹੈ ਕਿ ਇਸ ਉਸਾਰੀ ਦੇ ਹੁਕਮਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਸਿੱਖ ਸੰਗਤ ਵਿੱਚ ਉਠ ਰਹੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ।