
ਚੰਡੀਗੜ੍ਹ 16 ਨਵੰਬਰ (ਦ ਪੰਜਾਬ ਟੁਡੇ ਬਿਊਰੋ) ਬਰਗਾੜੀ ਬੇਅਦਬੀ ਮਾਮਲੇ ਦਾ ਮੁੱਖ ਮੁਲਜ਼ਮ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਮੰਗਲਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਅੱਜ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਸੀਬੀਆਈ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਦੀ ਐਸਆਈਟੀ ਅਤੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਨਿਸ਼ਚਿਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਨਾਭਾ ਹਾਈ ਸਿਕਿਓਰਟੀ ਜੇਲ੍ਹ ‘ਚ ਦੋ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਉਪਰੰਤ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਵੱਲੋਂ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ ਅਤੇ ਅਰਜ਼ੀ ਦਾਖ਼ਲ ਕਰਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਅੱਜ ਹੋਈ ਸੁਣਵਾਈ ਤੋਂ ਬਾਅਦ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਬਿੱਟੂ ਨੇ ਜੇਲ੍ਹ ਦੌਰਾਨ ਉਸ ਉੱਤੇ ਕੀਤੇ ਗਏ ਜ਼ੁਲਮਾਂ ਬਾਰੇ ਆਪਣੀ ਡਾਇਰੀ ਵਿੱਚ ਸਾਰੇ ਤੱਥ ਪੇਸ਼ ਕੀਤੇ ਹਨ। ਜਿਸ ਤਹਿਤ ਇਹ ਡਾਇਰੀ ਵੀ ਆਪਣੇ ਆਪ ਵਿੱਚ ਸਬੂਤ ਹੈ, ਕਿਉਂਕਿ ਬਿੱਟੂ ਨੇ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਇਸ ਡਾਇਰੀ ਵਿੱਚ ਲਿਖੇ ਹਨ, ਜੋ ਉਸ ਦੇ ਕਤਲ ਲਈ ਜ਼ਿੰਮੇਵਾਰ ਹਨ।
ਇਸ ਮੌਕੇ ਐਡਵੋਕੇਟ ਬਲਤੇਜ ਸਿੱਧੂ ਨੇ ਕਿਹਾ ਕਿ ਬਿੱਟੂ ‘ਤੇ ਬੇਅਦਬੀ ਦੇ ਦੋਸ਼ ਹਨ, ਪਰ ਬਿੱਟੂ ਨੇ ਹਮੇਸ਼ਾ ਕਿਹਾ ਕਿ ਉਹ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਅਤੇ ਉਸ ਦਾ ਪਰਿਵਾਰ ਕਦੇ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਇਆ। ਇਸ ਲਈ ਸੱਚ ਨੂੰ ਦਬਾਉਣ ਲਈ ਬਿੱਟੂ ਦਾ ਜੇਲ੍ਹ ਅੰਦਰ ਹੀ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਾਭਾ ਵਰਗੀ ਉੱਚ ਸੁਰੱਖਿਆ ਵਾਲੀ ਜੇਲ੍ਹ ਅੰਦਰ ਬਿੱਟੂ ਦਾ ਕਤਲ ਆਪਣੇ ਆਪ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਐਡਵੋਕੇਟ ਸਿੱਧੂ ਨੇ ਕਿਹਾ ਕਿ ਇਸ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਜੋ ਜਾਂਚ ਕੀਤੀ ਹੈ, ਉਹ ਮਹਿਜ਼ ਇੱਕ ਧੋਖਾ ਹੈ। ਇਸ ਲਈ ਅਸੀਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸੱਭ ਦੇ ਸਾਹਮਣੇ ਆ ਸਕੇ ਅਤੇ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਦੱਸਣਯੋਗ ਹੈ ਕਿ ਜਿਸ ਸਮੇਂ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਸੀ, ਉਸ ਮੌਕੇ ਪਰਿਵਾਰ ਅਤੇ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਕਮੇਟੀ ਵੱਲੋਂ ਬਿੱਟੂ ਦੇ ਸਸਕਾਰ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਸਨ। ਅਦਾਲਤ ‘ਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਦਸੰਬਰ ਨੂੰ ਹੋਵੇਗੀ।