
ਸਿੱਧੂ ਦੇ ਪ੍ਰਧਾਨ ਬਣਨ ਨਾਲ ਟਕਸਾਲੀ ਵਰਕਰਾਂ ਤੇ ਆਗੂਆਂ ਦਾ ਮਾਣ ਸਤਿਕਾਰ ਬਹਾਲ ਹੋਵੇਗਾ: ਰਾਣਾ ਕਲਾਲਾ, ਚੇਅਰਮੈਨ ਜੌਹਲ ਪੰਡੋਰੀ
ਮਹਿਲ ਕਲਾਂ 4 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਕਾਂਗਰਸ ਪਾਰਟੀ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ‘ਰਾਣਾ ਕਲਾਲਾ’, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ‘ਜੌਹਲ ਪੰਡੋਰੀ’ ਅਤੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰਾਂ ਤੇ ਆਗੂਆਂ ਦਾ ਇਕ ਵਫਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਚੰਡੀਗਡ਼੍ਹ ਵਿਖੇ ਮਿਲ ਕੇ ਆਪਣੇ ਵੱਲੋਂ ਵਧਾਈ ਦਿੱਤੀ।
ਇਸ ਮੌਕੇ ਸਿੱਧੂ ਨਾਲ ਟਕਸਾਲੀ ਵਰਕਰਾਂ ਵੱਲੋਂ ਵਰਕਰਾਂ ਦਾ ਮਾਣ ਸਨਮਾਨ ਬਹਾਲ ਰੱਖਣ ਅਤੇ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਜਾਰੀ ਕਰਾਉਣ ਸਮੇਤ ਹੋਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਾਣਾ ਕਲਾਲਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਵੱਲੋਂ ਆਉਂਦੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਅਤੇ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰ ਲਈ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕਰਕੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਮਾਣ ਵਧਾਇਆ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਬਣੇ ਸੂਬਾ ਪ੍ਰਧਾਨ ਵੱਲੋਂ ਟਕਸਾਲੀ ਵਰਕਰਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਪਹਿਲ ਦੇ ਆਧਾਰ ਤੇ ਜਾਰੀ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪਾਰਟੀ ਤੋਂ ਨਾਰਾਜ਼ ਚੱਲਦੇ ਆ ਰਹੇ ਵਰਕਰਾਂ ਨੂੰ ਹੁਣ ਆਸ ਬੱਝੀ ਹੈ ਕਿ ਨਵੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਬਣਦਾ ਸਤਿਕਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਆਗੂ ਸਾਉਣ ਸਿੰਘ ਗਹਿਲ, ਜਿਲਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਸਰਪੰਚ ਤੇਜਪਾਲ ਸਿੰਘ ਸੋਹੀਆ, ਆਗੂ ਪ੍ਰਗਟ ਸਿੰਘ ਠੀਕਰੀਵਾਲ, ਗੁਰਮੀਤ ਸਿੰਘ ਮਾਨ , ਰਵਿੰਦਰ ਸਿੰਘ ਰਵੀ ਸੇਖੋਂ, ਹਰਭਿੰਦਰ ਸਿੰਘ ਲਾਡੀ ਤੋਂ ਇਲਾਵਾ ਹੋਰ ਵਰਕਰ ਤੇ ਆਗੂ ਵੀ ਹਾਜ਼ਰ ਸਨ।