ਗੈਰ ਮਾਨਤਾ ਪ੍ਰਾਪਤ ਪਾਣੀ ਵਾਲਾ ਆਰ.ਓ. ਸੈਂਟਰ ਕੀਤਾ ਗਿਆ ਸੀਲ

ਅਣ ਰਜਿਸਟਡ ਬ੍ਰਾਂਡ ਦੇ ਲੇਬਲ ਵਾਲੀਆਂ ਪਾਣੀ ਦੀਆਂ ਬੋਤਲਾਂ ਤੇ ਡਿਸਪੋਸਲ ਵਾਲੇ ਗਿਲਾਸ ਵੀ ਕੀਤੇ ਜ਼ਬਤ
ਫਿਰੋਜਪੁਰ 4 ਅਗਸਤ (ਅਸ਼ੋਕ ਭਾਰਦਵਾਜ) ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਡਾ. ਰਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡਾ ਸੱਤਪਾਲ ਭਗਤ ਡੈਜ਼ੀਗਨੇਟਿਡ ਅਫਸਰ ਤੇ ਫੂਡ ਸੇਫਟੀ ਅਫ਼ਸਰ ਹਰਜਿੰਦਰ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਮੋਗਾ ਰੋਡ ਫਿਰੋਜ਼ਪੁਰ ਕੈਂਟ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।
ਜਿੱਥੇ ਇਕ ਆਰ.ਓ. ਅਣਅਧਿਕਾਰਕ ਪਲਾਂਟ ਪਾਇਆ ਗਿਆ ਤੇ ਪਾਣੀ ਦੇ ਸੀਲਡ ਗਲਾਸ ਅਤੇ ਪਾਣੀ ਦੀਆਂ ਸੀਲਡ ਬੋਤਲਾਂ ਵੱਖ-ਵੱਖ ਬ੍ਰਾਂਡ ਦੇ ਨਾਵਾਂ ਨਾਲ ਭਰੀਆਂ ਹੋਈਆਂ ਪਾਈਆਂ ਗਈਆਂ। ਜਿਸ ਦੌਰਾਨ ਪਲਾਟ ਦੇ ਮਾਲਕ ਦੀ ਪਡ਼ਤਾਲ ਕੀਤੀ ਗਈ ਤਾਂ, ਕੋਈ ਵੀ ਵਿਅਕਤੀ ਨਹੀਂ ਪਾਇਆ ਗਿਆ। ਆਸਪਾਸ ਪੁੱਛਣ ਤੇ ਵੀ ਕੋਈ ਹਾਜ਼ਰ ਨਹੀਂ ਹੋਇਆ ਤਾਂ ਸਿਹਤ ਵਿਭਾਗ ਨੇ ਆਪਣੀ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਆਰ.ਓ. ਪਲਾਂਟ ਨੂੰ ਸ਼ੱਕ ਦੇ ਆਧਾਰ ਤੇ ਸੀਲ ਕਰ ਦਿੱਤਾ ਗਿਆ।
ਆਮ ਜਨਤਾ ਨੂੰ ਜਾਗਰੂਕ ਕਰਨ ਲਈ ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਪਾਣੀ ਦੀ ਕੋਈ ਵੀ ਪੈਕ ਇੰਗਲੈਂਡ ਤੇ ਆਈ.ਐਸ.ਆਈ/ਬੀ.ਆਈ.ਐਸ. ਮਾਰਕਾ ਅਤੇ ਐੱਫ.ਐੱਸ.ਐੱਸ.ਆਈ. ਮਾਰਕਾ ਜ਼ਰੂਰ ਚੈੱਕ ਕੀਤਾ ਜਾਵੇ ਤਾਂ ਜੋ ਸ਼ੁੱਧ ਪਾਣੀ ਹੋਣ ਦਾ ਪ੍ਰਮਾਣ ਮਿਲ ਸਕੇ ਅਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ।