ਪੰਜਾਬਰਾਜਨੀਤੀ

ਗੁਰੂ ਦੀ ਬੇਅਦਬੀ ਦੇ ਦੋਸ਼ੀਆ ਨੂੰ ਹਰ ਹਾਲ ਵਿੱਚ ਸਜਾ ਦਿਵਾਈ ਜਾਵੇਗੀ: ਨਵਜੋਤ ਸਿੱਧੂ

ਪੰਜਾਬ ਵਿਚੋਂ ਹਰ ਤਰ੍ਹਾਂ ਦੇ ਮਾਫੀਏ ਨੂੰ ਖਤਮ ਕਰਨ ਦੇ ਸੰਕਲਪ ਨੂੰ ਦੁਹਰਾਇਆ

ਨਵਜੋਤ ਸਿੱਧੂ ਦੀ ਪ੍ਰਧਾਨ ਵਜੋਂ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੋਇਆ: ਕਿੱਕੀ ਢਿਲੋਂ

ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੋ ਕੇ 2022 ਦੀਆ ਚੋਣਾਂ ਲੜੇਗੀ: ਪਵਨ ਗੋਇਲ

ਫਰੀਦਕੋਟ 5 ਅਗਸਤ (ਸ਼ਿਵਮ ਮਦਾਨ) ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸ. ਨਵਜੋਤ ਸਿੱਧੂ ਵਲੋਂ ਇਥੋਂ ਦੇ ਤਾਜ ਪੈਲੇਸ ਵਿਖੇ ਜਿਲੇ ਦੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਰਾਜ ਸਰਕਾਰ ਨਾਲ ਮਿਲ ਕੇ ਹਾਈ ਕਮਾਂਡ ਵਲੋਂ ਦਿੱਤੇ ,18 ਸੂਤਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਗੀਆ ਅਤੇ ਇਨ੍ਹਾਂ ਮੁੱਦਿਆਂ ਵਿਚੋਂ ਬਰਗਾੜੀ ਵਿਖੇ ਗੁਰੂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਕਾਨੂੰਨ ਅਨੁਸਾਰ ਸਜਾ ਦਿਵਾਈ ਜਾਵੇਗੀ।

ਇਸ ਮੌਕੇ ਫਰੀਦਕੋਟ ਤੋਂ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ, ਜਿਲ੍ਹਾਂ ਕਾਂਗਰਸ ਪ੍ਰਧਾਨ ਅਜੇਪਾਲ ਸਿੰਘ ਸੰਧੂ, ਸ੍ਰੀਮਤੀ ਵੀਨਾ ਸ਼ਰਮਾ, ਸ੍ਰੀ ਸੂਰਜ ਭਾਰਦਵਾਜ, ਸ. ਜੈਸਨਦੀਪ ਸਿੰਘ ਢਿਲੋਂ ਵਿਸ਼ੇਸ ਤੌਰ ਤੇ ਸਟੇਜ ਤੇ ਹਾਜਰ ਸਨ।

ਆਪਣੇ ਪ੍ਰਭਾਵਸ਼ਾਲੀ ਅੰਦਾਜ ਵਿਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸ. ਨਵਜੋਤ ਸਿੱਧੂ ਨੇ ਕਿਹਾ ਕਿ ਪਾਰਟੀ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ ਤੇ ਉਨ੍ਹਾਂ ਦੇ ਬਲਬੂਤੇ ਅਤੇ ਹਾਈ ਕਮਾਨ ਦੇ ਏਜੰਡੇ ਅਨੁਸਾਰ 2022 ਦੀਆਂ ਚੋਣਾਂ ਵਿਚ ਜਿੱਤ ਦਰਜ ਕੀਤੀ ਜਾਵੇਗੀ। ਸ੍ਰ. ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ 65000 ਕਰੋੜ ਰੁਪਏ ਦੇ ਬਿਜਲੀ ਸਮਝੌਤੇ ਕੀਤੇ ਸਨ, ਜਿਸ ਦਾ ਖਮਿਆਜ਼ਾ ਅੱਜ ਹਰ ਪੰਜਾਬੀ ਨੂੰ ਭੁਗਤਣਾ ਪੈ ਰਿਹਾ ਹੈ।

ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਕਾਨੂੰਨ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਨ ਦੀ ਕੋਝੀ ਚਾਲ ਦੱਸਦਿਆ ਕਿਹਾ ਕਿ ਕੇਂਦਰ ਨੂੰ ਆਖਰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਵੇਗਾ । ਕੇਂਦਰ ਵਲੋਂ ਇਹ ਕਾਲੇ ਕਾਨੂੰਨ ਜਬਰੀ ਕਿਸਾਨਾਂ ਉੱਤੇ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਅਤੇ ਤਿੰਨ ਕਾਲੇ ਖੇਤੀ ਕਾਨੂੰਨ ਅਗਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਵੀ ਦਿੱਲੀ ਮਾਡਲ ਦੀ ਲੋੜ੍ਹ ਨਹੀਂ ਹੈ। ਪੰਜਾਬ ਆਪਣੇ ਆਪ ਵਿੱਚ ਖੁਦ ਇੱਕ ਮਾਡਲ ਹੋਵੇਗਾ। ਇਸੇ ਤਰ੍ਹਾਂ ਪੰਜਾਬ ਆਪਣੇ ਕਾਨੂੰਨ ਖੁਦ ਬਣਾਉਣ ਦੇ ਸਮਰੱਥ ਹੈ, ਇਸ ਕਰਕੇ ਪੰਜਾਬ ਨੂੰ ਕੇਂਦਰ ਵੱਲੋਂ ਥੋਪੇ ਜਾ ਰਹੇ ਕਾਨੂੰਨਾਂ ਦੀ ਲੋੜ੍ਹ ਨਹੀਂ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਦੀ ਸੋਚ ਦਾ ਪੰਜਾਬ ਸਿਰਜਣ ਲਈ ਹੁਣ ਘਰਾਂ ਵਿੱਚ ਨਾ ਬੈਠਣ ਸਗੋਂ ਬਾਹਰ ਨਿਕਲ ਕੇ ਆਉਣ। ਅੱਜ ਲੋੜ੍ਹ ਹੈ ਕਿ ਹਰੇਕ ਵਰਗ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ 13 ਨੁਕਾਤੀ ਪ੍ਰੋਗਰਾਮ ਨੂੰ ਗੁੰਮਰਾਹਕੁੰਨ ਦੱਸਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਨਵੇਂ ਸਬਜ਼ਬਾਗ ਦਿਖਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਇਹ ਸਪੱਸ਼ਟ ਕਰੇ ਕਿ ਇਸ ਪ੍ਰੋਗਰਾਮ ਨੂੰ ਹਕੀਕਤ ਵਿੱਚ ਬਦਲਣ ਲਈ ਸਰਕਾਰ ਕੋਲ ਸਾਧਨ ਕਿੱਥੋਂ ਆਉਣਗੇ ? ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਹਰ ਤਰਾਂ ਦੇ ਮਾਫੀਏ ਨੂੰ ਉਤਸ਼ਾਹਤ ਕੀਤਾ ਅਤੇ ਆਪਣੇ ਨਿੱਜੀ ਹਿੱਤਾਂ ਖਾਤਰ ਪੰਜਾਬ ਨੂੰ ਡੇਢ ਲੱਖ ਕਰੋੜ ਰੁਪਏ ਦੇ ਕਰਜ਼ੇ ਵਿੱਚ ਡਬੋ ਦਿੱਤਾ। ਜਿਸ ਦੇ ਵਿਆਜ ਦੇ ਚੱਲਦਿਆਂ ਅੱਜ ਵੀ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਮਾਫੀਆ ਲੋਕਾਂ ਦਾ ਕਬਜ਼ਾ ਸੀ ਜੋ ਕਿ ਹੌਲੀ ਹੌਲੀ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਆਪਣੀ ਕੁਰਸੀ ਦੀ ਪ੍ਰਵਾਹ ਨਹੀਂ ਕੀਤੀ। ਭਵਿੱਖ ਵਿੱਚ ਵੀ ਉਹ ਆਪਣੀ ਕੁਰਸੀ ਦੀ ਪ੍ਰਵਾਹ ਨਾ ਕਰਦਿਆਂ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਖ਼ਤਮ ਕਰਕੇ ਹੀ ਸਾਹ ਲੈਣਗੇ।

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਕੋਈ ਵੀ ਧੜੇਬੰਦੀ ਜਾਂ ਵਿਰੋਧ ਵਿਚਾਰ ਵਾਲੀ ਸਥਿਤੀ ਨਹੀਂ ਹੈ। ਸਾਰੀ ਪਾਰਟੀ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਸ. ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਗਾਮੀ 15 ਅਗਸਤ ਤੋਂ ਹਲਕਾਵਾਰ ਰੈਲੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਫਰੀਦਕੋਟ ਦੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਸ੍ਰੀ ਪਵਨ ਗੋਇਲ ਸਮੇਤ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਜੀ ਆਇਆ ਕਹਿੰਦਿਆ ਕਿਹਾ ਕਿ ਸ. ਸਿੱਧੂ ਦੀ ਨਿਯੁਕਤੀ ਨਾਲ ਕਾਂਗਰਸ ਦੇ ਵਰਕਰਾਂ ਤੇ ਅਹੁਦੇਦਾਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਤਰਾਂ ਇਕ ਜੁੱਟ ਹੋ ਕੇ ਗਿਲੇ-ਸ਼ਿਕਵੇ ਭੁਲਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ 2022 ਦੀਆਂ ਚੋਣਾਂ ਵਿਚ ਫਿਰ ਤੋਂ ਜੇਤੂ ਬਣਾਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਸਟੇਜ ਤੋਂ ਕਾਂਗਰਸੀ ਆਗੂ ਬਲਜੀਤ ਸਿੰਘ ਗੋਰਾ, ਜਸਵਿੰਦਰ ਸਿੰਘ ਸਿੱਖਾਂਵਾਲਾ, ਗਿੰਦਰਜੀਤ ਸਿੰਘ ਸੇਖੋ, ਮੈਡਮ ਜਾਵੇਦ ਅਖਤਰ, ਸਿਕੰਦਰ ਸਿੰਘ ਮੜਾਕ, ਡਾ. ਜੰਗੀਰ ਸਿੰਘ , ਬਲਜਿੰਦਰ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ।ਇਸ ਮੋਕੇ ਸ. ਬਲਕਰਨ ਸਿੰਘ ਨੰਗਲ, ਕਰਮਜੀਤ ਟਹਿਣਾ ਸਮੇਤ ਸਮੁੱਚੇ ਜਿਲੇ ਦੇ ਪਾਰਟੀ ਵਰਕਰਾਂ ਅਤੇ ਅਹੁਦੇਦਾਰ ਵੀ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button