ਪੰਜਾਬਮਾਝਾ

ਜੱਥੇਦਾਰ ਹਵਾਰਾ ਦੀ ਤੰਦਰੁਸਤੀ ਦੇ ਮੱਦੇਨਜ਼ਰ ਅਕਾਲ ਤਖਤ ਸਾਹਿਬ ਤੇ ਹੋਈ ਪੰਥਕ ਅਰਦਾਸ

ਮੈਂ ਆਪਣੇ ਪਿੰਡੇ ਤੇ ਸੰਤਾਪ ਹੰਡਾ ਲਵਾਂਗਾ, ਪਰ ਸਰਕਾਰ ਅਗੇ ਤਰਲਾ ਨਾ ਮਾਰਨਾ: ਜੱਥੇਦਾਰ ਜਗਤਾਰ ਸਿੰਘ ਹਵਾਰਾ

ਸਿੱਖ ਜੱਥੇਬੰਦੀਆ ਨੇ ਦਿੱਲੀ ਤੇ ਕੇਂਦਰ ਸਰਕਾਰ ਨੂੰ ਦਿੱਤੀ ਚਿਤਾਵਨੀ

ਅੰਮ੍ਰਿਤਸਰ, 1 ਦਸੰਬਰ (ਦ ਪੰਜਾਬ ਟੂਡੇ ਬਿਊਰੋ) ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਸਰਕਾਰ ਦੇ ਪ੍ਰਬੰਧ ਹੇਠ ਚੱਲ ਰਹੇ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਜੇਰੇ ਇਲਾਜ ਹਨ, ਦੀ ਸਿਹਤਯਾਬੀ ਤੇ ਚੜ੍ਹਦੀ ਕਲ੍ਹਾ ਲਈ ਵੱਖ-ਵੱਖ ਸਿੱਖ ਜੱਥੇਬੰਦੀਆਂ ਨੇ ਪੰਥਕ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਕੀਤੀ ਗਈ।

ਜ਼ਿਕਰਯੋਗ ਹੈ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ। ਜਿੱਥੇ ਉਨ੍ਹਾਂ ਦੇ ਖੂਨ ਦੇ ਪਲੇਟਲੈੱਟ ਘੱਟ ਹੋਣ ਕਾਰਨ 27 ਨਵੰਬਰ ਨੂੰ ਦੀਨ ਦਿਆਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦਾ ਪਿਛਲੇ ਚਾਰ ਦਿਨਾਂ ਤੋਂ ਸਿਰਫ਼ ਰਸਮੀ ਇਲਾਜ ਹੋਣ ਕਾਰਨ ਪਲੇਟਲੈੱਟ ਘੱਟ ਕੇ ਚਾਲ੍ਹੀ ਹਜ਼ਾਰ ਰਹਿ ਗਏ ਹਨ। ਜੋ ਕਿ ਖਾਲਸਾ ਪੰਥ ਲਈ ਚਿੰਤਾ ਦਾ ਵਿਸ਼ਾ ਹੈ।

ਪੰਥਕ ਜੱਥੇਬੰਦੀਆਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਰਕਾਰ ਤੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਇਲਾਜ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਦੀ ਸਾਜਿਸ਼ ਹੇਠ ਠੀਕ ਢੰਗ ਨਾਲ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਪ੍ਰੋ.ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਬਲਬੀਰ ਸਿੰਘ ਹਿਸਾਰ ਅਤੇ ਮਹਾਬੀਰ ਸਿੰਘ ਨੇ ਦੋਸ਼ ਲਗਾਇਆ ਕਿ ਪਿੱਛਲੇ ਚਾਰ ਦਿਨਾਂ ਵਿਚ ਸਿਰਫ ਪੰਜ ਮਿੰਟ ਦੀ ਮੁਲਾਕਾਤ ਕਰਵਾਈ ਗਈ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜੱਥੇਦਾਰ ਸਾਹਿਬ ਨੇ ਪੰਜ ਮਿੰਟ ਦੀ ਮੁਲਾਕਾਤ ਵਿੱਚ ਕਿਹਾ ਕਿ “ਮੈਂ ਆਪਣੇ ਪਿੰਡੇ ਤੇ ਸੰਤਾਪ ਹੰਡਾ ਲਵਾਂਗਾ, ਪਰ ਸਰਕਾਰ ਅਗੇ ਤਰਲਾ ਨਾ ਮਾਰਨਾ।” ਜੱਥੇਦਾਰ ਹਵਾਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜੱਥੇਦਾਰ ਹਵਾਰਾ ਜੀ ਦੇ ਪਰਿਵਾਰ ਅਤੇ ਸੰਬੰਧੀਆਂ ਨੂੰ ਪ੍ਰਸ਼ਾਸਨ ਵੱਲੋਂ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਸੂਤਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਜੱਥੇਦਾਰ ਹਵਾਰਾ ਜੀ ਨੂੰ ਜਨਰਲ ਵਾਰਡ ਤੋਂ ਆਈ.ਸੀ.ਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਰ ਉਨ੍ਹਾਂ ਨੂੰ ਨਾਰੀਅਲ ਪਾਣੀ, ਕੀਵੀ ਫਲ ਤੇ ਨਾ ਹੀ ਸਾਫ਼ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾ ਦੇ ਪਿਸ਼ਾਬ ਦੀ ਗੰਦਗੀ ਵੀ ਉਨ੍ਹਾਂ ਦੇ ਨੇੜਿਓ ਸਾਫ਼ ਨਹੀਂ ਕੀਤੀ ਜਾ ਰਹੀ। ਪੰਥਕ ਆਗੂਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੇ ਡਾਕਟਰ, ਡਾਇਰੈਕਟਰ ਅਤੇ ਚੇਅਰ ਪਰਸਨ ਜਾਣ-ਬੂਝ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਦੀਨ ਦਿਆਲ ਉਪਾਧਿਆਏ ਹਸਪਤਾਲ ਦੀ ਚੇਅਰਪਰਸਨ ‘ਆਮ ਆਦਮੀ ਪਾਰਟੀ’ ਦੀ ਐਮ.ਐਲ.ਏ ਹੈ। ਅੱਜ ਪੰਜ ਸਿੰਘ, ਜਥੇਦਾਰੀ ਹਵਾਰਾ ਕਮੇਟੀ, ਧਰਮ ਸਿੰਘ ਖਾਲਸਾ ਟਰਸਟ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਅਕਾਲ ਯੂਥ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਸਦਭਾਵਨਾ ਦਲ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੱਥੇਦਾਰ ਸਾਹਿਬ ਦਾ ਇਲਾਜ ਠੀਕ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਦੀ ਬਣਦੀ ਹੈ।ਜੇਕਰ ਜੱਥੇਦਾਰ ਸਾਹਿਬ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਖਾਲਸਾ ਪੰਥ ਨੂੰ ਦਿੱਲੀ ਦਰਬਾਰ ਦੀ ਜੜ੍ਹਾਂ ਹਿਲਾਉਣੀਆਂ ਵੀ ਆਉਂਦੀਆਂ ਹਨ। ਪੰਥਕ ਆਗੂਆਂ ਨੇ ਕਿਹਾ ਕਿ ਉਹ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ, ਦਿੱਲੀ ਮਾਨਵ ਅਧਿਕਾਰ ਕਮੀਸ਼ਨ ਅਤੇ ਘੱਟ ਗਿਣਤੀਆਂ ਕਮੀਸ਼ਨ ਕੋਲ ਇਲਾਜ ਵਿੱਚ ਹੋ ਰਹੀ ਅਣਗਹਿਲੀ ਦਾ ਮਸਲਾ ਉਠਾਉਣਗੇ।

ਪੰਥਕ ਆਗੂਆਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ ਹੇਠ ਜੱਥੇਦਾਰ ਹਵਾਰਾ ਜੀ ਦਾ ਇਲਾਜ ਸਰਕਾਰੀ ਹਸਪਤਾਲ ਦੀ ਜਗ੍ਹਾ ਕਿਸੇ ਚੰਗੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਜਾਵੇ, ਜਿਸ ਦਾ ਸਾਰਾ ਖਰਚਾ ਖ਼ਾਲਸਾ ਪੰਥ ਚੁੱਕੇਗਾ। ਜੱਥੇਬੰਦੀਆਂ ਦੇ ਆਗੂਆਂ ਅਤੇ ਪੰਜ ਸਿੰਘਾਂ ਨੇ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ, ਕਸਬਿਆ ਅਤੇ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਜੱਥੇਦਾਰ ਹਵਾਰਾ ਜੀ ਦੀ ਦੇਹ ਅਰੋਗਤਾ ਲਈ ਰੋਜ ਅਰਦਾਸ ਬੇਨਤੀ ਕਰਨ, ਕਿਉਂਕਿ ਇਹ ਸਮਾਂ ਵਖਰੇਵਿਆਂ ਦਾ ਨਹੀਂ ਬਲਕਿ ਕੌਮੀ ਯੋਧੇ ਨੂੰ ਸੰਭਾਲ਼ਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸਾਨ ਅੰਦੋਲਨ ਵਾਂਗ ਦਿੱਲੀ ਸਰਕਾਰ ਨੂੰ ਇਕਜੁਟਦਾ ਦਾ ਸੁਨੇਹਾ ਦੇਣ ਦਾ ਹੈ। ਇਸ ਸੰਬੰਧ ਵਿੱਚ ਉੱਘੇ ਵਕੀਲਾਂ ਦੀ ਟੀਮ ਸਥਾਪਿਤ ਕਰ ਦਿੱਤੀ ਗਈ ਹੈ, ਜੋ ਜਲਦੀ ਹੀ ਹਾਈ ਕੋਰਟ ਤੋਂ ਲੋੜੀਦੀ ਹਿਦਾਇਤਾਂ ਲਵੇਗੀ।

ਅੱਜ ਦੇ ਅਰਦਾਸ ਸਮਾਗਮ ਵਿਚ ਪੰਜਾ ਸਿੰਘ ‘ਚੋ ਭਾਈ ਸਤਨਾਮ ਸਿੰਘ ਝੰਝੀਆ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਦਲਬੀਰ ਸਿੰਘ, ਭਾਈ ਤਰਸੇਮ ਸਿੰਘ, ਸੁਖਰਾਜ ਸਿੰਘ ਵੇਰਕਾ, ਬੀਬੀ ਸੰਦੀਪ ਕੌਰ, ਬਲਜੀਤ ਸਿਘ ਖਾਲਸਾ, ਭਾਈ ਮੇਜਰ ਸਿੰਘ, ਰਛਪਾਲ ਸਿੰਘ ਜਹਾਂਗੀਰ, ਹਰਬੀਰ ਸਿੰਘ ਸੰਧੂ, ਜਸਵਿੰਦਰ ਸਿੰਘ ਰਾਜਪੁਰਾ, ਮਹਾ ਸਿੰਘ, ਬਲਦੇਵ ਸਿੰਘ ਨਵਾਂ ਪਿੰਡ, ਸੁਖਦੇਵ ਸਿੰਘ ਵੇਰਕਾ, ਬੀਬੀ ਮਨਿੰਦਰ ਕੌਰ, ਜਗਜੀਤ ਸਿੰਘ ਤਰਨਤਾਰਨ, ਇੰਦਰਬੀਰ ਸਿੰਘ ਪਟਿਆਲਾ, ਪ੍ਰਗਟ ਸਿੰਘ ਚੁਗਾਵਾਂ, ਸਵਰਨਜੀਤ ਸਿੰਘ ਕੁਰਾਲੀਆ, ਗਗਨਦੀਪ ਸਿੰਘ, ਹਰਪਾਲ ਸਿੰਘ ਛੇ ਜੂਨ, ਰਘਬੀਰ ਸਿੰਘ ਭੁੱਚਰ, ਜਸਪਾਲ ਸਿੰਘ ਪੁਤਲੀਘਰ, ਰਛਪਾਲ ਸਿੰਘ ਨਿੰਹਗ, ਜਗਰਾਜ ਸਿੰਘ ਪੱਟੀ, ਸੱਜਣ ਸਿਘ ਪੱਟੀ ਅਤੇ ਵੱਡੀ ਗਿਣਤੀ ਵਿੱਚ ਟਰਸਟ ਦੀਆਂ ਬੱਚੀਆਂ ਵੀ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button