
ਭਾਜਪਾ ਕਰ ਰਹੀ ਬਦਲੇ ਦੀ ਰਾਜਨੀਤੀ, ‘ਸਿਰਸਾ ਘਟਨਾ ਭਾਜਪਾ ਵੱਲੋਂ ਲਿਆ ਬਦਲਾ’: ਸੁਖਬੀਰ ਬਾਦਲ
ਚੰਡੀਗੜ੍ਹ 2 ਦਸੰਬਰ: ਭਾਜਪਾ ਅਤੇ ਕੇਂਦਰ ਸਰਕਾਰ ’ਤੇ ਸਿੱਧਾ ਹੱਲਾ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਦੀ ਜ਼ਬਰੀ ਤੇ ਘਟੀਆ ਤਰਕੀਬ ਨੂੰ ਖਾਲਸਾ ਪੰਥ, ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਤੇ ਅਕਾਲੀ ਦਲ ‘ਤੇ ਸਿੱਧਾ ਹਮਲਾ ਕਰਾਰ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਡੇ ਵੱਲੋਂ ਸਿਧਾਂਤਾਂ ’ਤੇ ਡਟੇ ਰਹਿਣ, ਉਨ੍ਹਾਂ ਨਾਲ ਗਠਜੋੜ ਤੋੜਨ ਤੇ ਕਿਸਾਨਾਂ ਖਾਤਰ ਕੇਂਦਰੀ ਵਜ਼ਾਰਤ ਵਿਚੋਂ ਅਸਤੀਫਾ ਦੇਣ ਦਾ ਭਾਜਪਾ ਵੱਲੋਂ ਸਾਡੇ ਤੋਂ ਬਦਲਾ ਲਿਆ ਜਾ ਰਿਹਾ ਹੈ। ਸਾਨੂੰ ਕੋਈ ਪਛਤਾਵਾ ਨਹੀਂ ਹੈ। ਬਲਕਿ ਅਸੀਂ ਜੋ ਕੀਤਾ, ਉਸ ’ਤੇ ਸਾਨੂੰ ਮਾਣ ਹੈ। ਸਿਧਾਂਤਾਂ ’ਤੇ ਡਟੇ ਰਹਿਣ ਦਾ ਭਾਵੇਂ ਜੋ ਵੀ ਨਤੀਜਾ ਨਿਕਲੇ, ਅਸੀਂ ਉਸਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਸੀਂ ਦਮਨ, ਧੱਕੇਸ਼ਾਹੀ, ਜ਼ੁਲਮ ਤੇ ਸਾਜ਼ਿਸ਼ਾਂ ਲਈ ਤਿਆਰ ਹਾਂ ਤੇ ਇਨ੍ਹਾਂ ਨੂੰ ਮਾਤ ਪਾਵਾਂਗੇ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਨਵਾਂ ਹਮਲਾ ਅਸਲ ਵਿਚ ਸਿੱਖ ਕੌਮ ਦੀ ਚੜ੍ਹਦੀਕਲਾ ਨੂੰ ਢਾਹ ਲਾਉਣ ਲਈ ਜ਼ੁਲਮ, ਜ਼ਬਰ, ਧੱਕੇਸ਼ਾਹੀ ਤੇ ਸਾਜ਼ਿਸ਼ਾਂ ਦੇ ਪੁਰਾਣੇ ਤਰੀਕੇ ਦੀ ਨਿਰੰਤਰਤਾ ਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਚੜ੍ਹਦੀਕਲਾ ਮੀਰੀ ਤੇ ਮੀਰੀ ਦੇ ਸਿਧਾਂਤ ਦੀ ਸੂਚਕ ਹੈ ਜਿਸ ’ਤੇ ਅਕਾਲੀ ਦਲ ਹਮੇਸ਼ਾ ਡਟਿਆ ਤੇ ਡਟਿਆ ਰਹੇਗਾ।
ਸ. ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰੀ ਵਿਰੋਧੀ ਧਿਰ ਖਾਸ ਤੌਰ ’ਤੇ ਘੱਟ ਗਿਣਤੀਆਂ ਨਾਲ ਵਰਤਣ ਵੇਲੇ ਸੱਤਾ ਦੀ ਦੁਰਵਰਤੋਂ ਵਾਸਤੇ ਇੰਨੀ ਡਿੱਗ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਸਾ ਦੇ ਸਿਰ ’ਤੇ ਬੰਦੂਕ ਰੱਖ ਕੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਜੇਲ੍ਹ ਜਾਣ ਜਾਂ ਫਿਰ ਭਾਜਪਾ ਵਿਚ ਸ਼ਾਮਲ ਹੋਣ ਵਿਚੋਂ ਇਕ ਚੁਣ ਲਵੋ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਖਾਸ ਤੌਰ ’ਤੇ ਉਸ ਤੋਂ ਜਿਸਨੂੰ ਸਿੱਖ ਕੌਮ ਤੇ ਅਕਾਲੀ ਦਲ ਨੇ ਇੰਨਾ ਮਾਣ ਤੇ ਸਤਿਕਾਰ ਦਿੱਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਸਿਰਸਾ ਦੇ ਅਕਾਲੀ ਦਲ ਛੱਡ ਦੇਣ ਨਾਲ ਪੰਜਾਬ ਵਿਚ ਭੋਰਾ ਵੀ ਫਰਕ ਨਹੀਂ ਪੈਣ ਵਾਲਾ ਕਿਉਂਕਿ ਉਸਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਕੋਈ ਜਾਣਦਾ ਹੈ ਕਿ ਉਸ ਦੀਆਂ ਇਥੇ ਜੜ੍ਹਾ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੀ ਕੇਸ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ’ਤੇ ਵੀ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਉਹ ਸਾਰੇ ਖਾਲਸਾ ਪੰਥ ਦੀਆਂ ਰਵਾਇਤਾਂ ’ਤੇ ਖਰ੍ਹੇ ਉਤਰੇ ਅਤੇ ਉਨ੍ਹਾਂ ਨੇ ਦੁਸ਼ਮਣ ਨਾਲ ਸਮਝੌਤਾ ਕਰਨ ਦੀ ਥਾਂ ਦਮਨਕਾਰੀ ਦਾ ਮੁਕਾਬਲਾ ਕਰਨ ਦੀ ਚੋਣ ਕੀਤੀ।
ਇਸ ਮੌਕੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਹੋਰ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਤਾਂ ਸ. ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਸੀਂ ਖਾਲਸਾ ਪੰਥ ਦੇ ਦੁਸ਼ਮਣਾ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਹਰ ਹੀਲਾ ਵਰਤ ਕੇ ਵੇਖ ਲੈਣ। ਉਹਨਾਂ ਨੂੰ ਆਪ ਮਹਿਸੂਸ ਹੋ ਜਾਵੇਗਾ ਕਿ ਪੰਗਾ ਕਿਸ ਨਾਲ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਚੁਣੌਤੀਆਂ ਤੇ ਦਬਾਅ ਵਿਚੋਂ ਜੇਤੂ ਹੋ ਕੇ ਨਿਤਰਾਂਗੇ।
ਇਸ ਤੋਂ ਪਹਿਲਾਂ ਕਰਤਾਰਪੁਰ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੋਟਰਸਾਈਕਲ ਸਵਾਰ ਸੈਂਕੜੇ ਨੌਜਵਾਨਾਂ ਜਿਹਨਾਂ ਨੇ ਕੇਸਰੀ ਤੇ ਨੀਲੇ ਝੰਡੇ ਫੜੇ ਹੋਏ ਸਨ ਨੇ ਸੁਖਬੀਰ ਬਾਦਲ ਦੀ ਅਗਵਾਈ ਕੀਤੀ।
ਇਸ ਮੌਕੇ ਸੁਖਬੀਰ ਬਾਦਲ ਨੇ ਡੇਰਾ ਸੱਚਖੰਡ ਬੱਲਾਂ, ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ, ਗੁਰਦੁਆਰਾ ਸ਼ਹੀਦਾਂ, ਸਰਮਸਤਪੁਰ, ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਦਰਸ਼ਨ ਕੀਤੇ ਤੇ ਗਊਸ਼ਾਲਾ ਵੀ ਗਏ। ਉਨ੍ਹਾਂ ਨੇ ਕਰਤਾਰਪੁਰ ਸ਼ਹਿਰ ਵਿਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।