
ਅੰਮ੍ਰਿਤਸਰ, 8 ਦਸੰਬਰ (ਦ ਪੰਜਾਬ ਟੁਡੇ ਬਿਊਰੋ) ਅੱਜ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਕਿਸਾਨੀ ਮੋਰਚੇ ਦੀ ਸਫ਼ਲਤਾ, ਬੰਦੀ ਸਿੰਘਾਂ ਦੀ ਰਿਹਾਈ, ਗੁਰਧਾਮਾਂ ਨੂੰ ਬਾਦਲਕਿਆਂ ਤੋਂ ਆਜ਼ਾਦ ਕਰਵਾਉਣ ਅਤੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਤਿਹਾੜ੍ਹ ਜੇਲ੍ਹ ਦੀ ਸਿਹਤਯਾਬੀ ਲਈ ਪੁਰਾਤਨ ਮਰਯਾਦਾ ਅਨੁਸਾਰ ਪਿੰਡ ਸਿਆਲਕਾ ਦੇ ਗੁਰਦੁਆਰਾ ਸਾਹਿਬ ਵਿਖੇ 25 ਸਿੰਘਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਜਿਸ ਉਪਰੰਤ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬਾਬਾ ਮਹਾਰਾਜ ਸਿੰਘ ਨੌਰੰਗਬਾਦ ਛਾਉਣੀ ਦੇ ਮੁਖੀ ਜਥੇਦਾਰ ਬਾਬਾ ਰਛਪਾਲ ਸਿੰਘ ਨਿਹੰਗ ਦੀ ਅਗਵਾਈ ਵਿੱਚ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੀ ਹੋਈ ਇਕੱਤਰਤਾ ਵਿੱਚ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ਦੋਸ਼ੀਆਂ ਉੱਤੇ ਪਰਚੇ ਦਰਜ਼ ਕਰਵਾਉਣ ਲਈ 19 ਦਸੰਬਰ ਨੂੰ ਅਕਾਲੀ ਫੂਲਾ ਸਿੰਘ ਬੁਰਜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਵਿਸ਼ਾਲ ਮਾਰਚ ਅਤੇ ਘੰਟਾ ਘਰ ਗੇਟ ਅੱਗੇ ਦੋ ਘੰਟੇ ਬੈਠ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਲਾਪਤਾ ਸਰੂਪਾਂ ਬਾਰੇ ਕੌਮ ਨੂੰ ਨਹੀਂ ਦੱਸਿਆ ਤੇ ਨਾ ਹੀ ਦੋਸ਼ੀਆਂ ਨੂੰ ਕਾਨੂੰਨੀ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਭਗਤੀ ਵਿੱਚ ਲੀਨ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਾਬਤ ਬਿਲਕੁਲ ਵੀ ਗੰਭੀਰ ਨਹੀਂ ਹੈ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਸਿੱਖ ਜਥੇਬੰਦੀਆਂ ਵੱਲੋਂ ਲੱਗਾ ਮੋਰਚਾ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਉੱਤੇ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਸੰਗਤਾਂ ਉੱਤੇ ਜ਼ੁਲਮ ਤਸ਼ੱਦਦ ਕਰ ਕੇ ਚੁੱਕਵਾ ਦਿੱਤਾ ਸੀ ਜਿਸ ਦੌਰਾਨ ਸਿੰਘਾਂ, ਸਿੰਘਣੀਆਂ ਤੇ ਪੱਤਰਕਾਰਾਂ ਨੂੰ ਬੰਦੀ ਬਣਾ ਕੇ ਕੇਸਾਂ, ਕਕਾਰਾਂ ਦੀ ਬੇਅਦਬੀ ਕੀਤੀ ਗਈ ਤੇ ਉਲਟਾ ਝੂਠੇ ਪਰਚੇ ਪਵਾਏ ਗਏ।
ਜੱਥੇਬੰਦੀਆਂ ਆਗੂਆਂ ਨੇ ਕਿਹਾ ਕਿ ਅਸੀਂ ਪਾਵਨ ਸਰੂਪਾਂ ਦਾ ਹਿਸਾਬ ਲੈ ਕੇ ਰਹਾਂਗੇ, ਸ਼੍ਰੋਮਣੀ ਕਮੇਟੀ ਜਵਾਬ ਦੇਵੇ ਕਿ 328 ਪਾਵਨ ਸਰੂਪ ਕੀਹਦੇ ਕਹਿਣ ਤੇ, ਕਿਸ ਨੂੰ ਅਤੇ ਕਿਉਂ ਦਿੱਤੇ, ਤੇ ਹੁਣ ਪਾਵਨ ਸਰੂਪ ਕਿਹੜੇ ਹਲਾਤਾਂ ਵਿੱਚ ਹਨ। ਉਹਨਾਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਦੌਰਾਨ ਭਾਰਤੀ ਫ਼ੌਜ ਵੱਲੋਂ ਲਾਇਬ੍ਰੇਰੀ ਵਿੱਚੋਂ ਚੁੱਕਿਆ ਸਾਹਿਤ ਜੋ ਸ਼੍ਰੋਮਣੀ ਕਮੇਟੀ ਨੂੰ ਤਿੰਨ ਵਾਰ ਕਰਕੇ ਵਾਪਸ ਕੀਤਾ ਗਿਆ ਉਹ ਪੁਰਾਤਨ ਸਰੂਪ ਅਤੇ ਹੱਥ ਲਿਖਤ ਹੁਕਮਨਾਮੇ ਕਿੱਥੇ ਹਨ।
ਆਗੂਆਂ ਨੇ ਕਿਹਾ ਕਿ ਕੈਨੇਡਾ ਵਿੱਚ 450 ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਪਦ-ਛੇਦ ਸਰੂਪਾਂ ਕਾਰਨ ਗੁਰਬਾਣੀ ਦੀ ਹੋ ਰਹੀ ਬੇਅਦਬੀ, ਪਿੰਡਾਂ ਵਿੱਚ ਵੱਧ ਰਹੇ ਪਖੰਡੀਆਂ ਦੇ ਡੇਰੇ, ਸਿੱਖਾਂ ਨੂੰ ਈਸਾਈ ਬਣਾਉਣ ਦੀ ਸਾਜਿਸ਼, ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈਆਂ ਬਾਰੇ ਸ਼੍ਰੋਮਣੀ ਕਮੇਟੀ ਦੀ ਚੁੱਪੀ, ਭਾਈ ਦਿਲਾਵਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਨਾ ਲਗਾਏ ਜਾਣ ਕਾਰਨ ਦੇ ਰੋਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਜਵਾਬਦੇਹ ਬਣਾਇਆ ਜਾਵੇਗਾ।
ਇਸ ਮੌਕੇ ਭਾਈ ਨਿਸ਼ਾਨ ਸਿੰਘ ਸਿਆਲਕਾ, ਭਾਈ ਕੁਲਦੀਪ ਸਿੰਘ ਬਿੱਟੂ, ਭਾਈ ਗੁਰਸ਼ਰਨ ਸਿੰਘ ਛੰਨਾ, ਭਾਈ ਸੁਖਦੇਵ ਸਿੰਘ ਹਰੀਆਂ, ਭਾਈ ਮਨਦੀਪ ਸਿੰਘ ਖ਼ਾਲਸਾ, ਬੀਬੀ ਮਨਿੰਦਰ ਕੌਰ, ਭਾਈ ਸੁਖਦੇਵ ਸਿੰਘ ਜੈਂਤੀਪੁਰ, ਭਾਈ ਹਰਦੇਵ ਸਿੰਘ, ਭਾਈ ਧਰਮਿੰਦਰ ਸਿੰਘ, ਭਾਈ ਕੁਲਵੰਤ ਸਿੰਘ ਆਦਿ ਬੇਅੰਤ ਸੰਗਤਾਂ ਹਾਜ਼ਰ ਸਨ।