
ਪਹਿਲਵਾਨ ਹਰਦੀਪ ਸਿੰਘ ਦੀ ਆਲ ਇੰਡੀਆ ਕੈਂਪ ਲਈ ਹੋਈ ਚੋਣ: ਚੇਅਰਮੈਨ ਸੱਤਪਾਲ ਮੋਹਲਾਂ
ਪੰਨੀਵਾਲਾ/ਮੁਕਤਸਰ ਸਾਹਿਬ, 8 ਦਸੰਬਰ (ਗੁਰਲਾਲ ਸਿੰਘ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ-ਕਾਲਜ ਕੁਸ਼ਤੀ ਮੁਕਾਬਲੇ 5 ਦਸੰਬਰ ਤੋਂ 7 ਦਸੰਬਰ ਤੱਕ ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ 20 ਤੋਂ ਜ਼ਿਆਦਾ ਕਾਲਜ਼ ਦੇ ਪਹਿਲਵਾਨਾਂ ਨੇ ਅਲੱਗ-ਅਲੱਗ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ। ਜਿਨ੍ਹਾਂ ਵਿੱਚ ਸੀਜੀਐੱਮ ਕਾਲਜ, ਮੋਹਲਾਂ ਦੇ ਪਹਿਲਵਾਨਾਂ ਨੇ ਵੱਖ-ਵੱਖ ਭਾਰ ਵਰਗ ‘ਚ ਭਾਗ ਲੈਂਦੇ ਹੋਏ ਸੋਨ ਤਮਗਾ ਸਮੇਤ ਕੁੱਲ ਤਿੰਨ ਤਮਗੇ ਆਪਣੇ ਨਾਮ ਕਰਦੇ ਹੋਏ ਕਾਲਜ ਕਮੇਟੀ, ਪ੍ਰੋਫੈਸਰਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਦਾ ਸਾਰਾ ਸਟਾਫ਼ ਬਹੁਤ ਮਿਹਨਤੀ ਹੈ। ਜਿਹੜਾ ਬੱਚਿਆਂ ਦੀਆਂ ਸੇਵਾਵਾਂ ਨੂੰ ਬਿਹਤਰ ਕਰਨ ਲਈ ਮਿਹਨਤ ਕਰਦਾ ‘ਤੇ ਕਰਵਾਉਂਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰਕ ਸਿੱਖਿਆ ਦੇ ਸਹਾਇਕ ਪ੍ਰੋਫੈਸਰ ਸ. ਹਰਕਿਰਨ ਜੀਤ ਸਿੰਘ ਵਲੋਂ ਬੱਚਿਆਂ ਨੂੰ ਟ੍ਰੇਨਿੰਗ ਕਰਵਾਈ ਗਈ ਸੀ, ਜਿਸ ਤੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ਼ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਮੌਕੇ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਸੱਤਪਾਲ ਮੋਹਲਾਂ, ਕਮੇਟੀ ਮੈਂਬਰ ਜਗਤਾਰ ਸਿੰਘ ਬਰਾੜ, ਨਵਜੀਤ ਮੋਹਲਾਂ, ਰਾਜ ਕੁਮਾਰ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਬੱਚਿਆਂ ਨੂੰ ਆਉਣਾ ਵਾਲੇ ਮੁਕਾਬਲਿਆਂ ਲਈ ਆਪਣਾ ਅਸ਼ੀਰਵਾਦ ਦਿੱਤਾ।
ਇਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਦੇ ਸਹਾਇਕ ਪ੍ਰੋਫੈਸਰ ਸ. ਹਰਕਿਰਨ ਜੀਤ ਸਿੰਘ ਨੇ ਦੱਸਿਆ ਕਿ ਇੰਟਰ-ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਕਾਲਜ ਦੇ ਚਾਰ ਪਹਿਲਵਾਨਾਂ ਨੇ ਭਾਗ ਲੈਂਦੇ ਹੋਏ ਕੁੱਲ ਤਿੰਨ ਤਮਗੇ ਆਪਣੇ ਨਾਮ ਕੀਤੇ। ਜਿਨ੍ਹਾਂ ਵਿੱਚ ਹਰਦੀਪ ਸਿੰਘ ਨੇ 57 ਕਿਲੋਗ੍ਰਾਮ ਭਾਰ ਵਰਗ ‘ਚ ਸੋਨ ਤਮਗਾ, ਮਨਦੀਪ ਕੌਰ ਨੇ 76 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਤਮਗਾ ਅਤੇ ਸਾਹਿਲ ਕੁਮਾਰ ਨੇ 63 ਕਿਲੋਗ੍ਰਾਮ ਭਾਰ ਵਰਗ (ਗਾਰਿਕੋ ਰੋਮਨ) ‘ਚ ਕਾਂਸੀ ਤਮਗਾ ਆਪਣੇ ਨਾਮ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਵਾਨ ਹਰਦੀਪ ਸਿੰਘ ਦੀ ਆਲ ਇੰਡੀਆ ਕੈਂਪ ਲਈ ਚੋਣ ਕੀਤੀ ਗਈ ਹੈ, ਜੋ ਕਿ ਹੁਣ ਆਲ ਇੰਡੀਆ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ‘ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਖੇਡ ਕੇ ਸੀਜੀਐੱਮ ਕਾਲਜ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ।