
ਬਠਿੰਡਾ, 17 ਦਸੰਬਰ (ਸੰਤੋਖ ਸਿੰਘ) ਪੰਜਾਬ ਵਿਧਾਨ ਸਭਾ ਚੋਣਾਂ (2022) ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਅੱਜ ਸ਼ੁੱਕਰਵਾਰ ਨੂੰ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ 43 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।
ਪਾਰਟੀ ਵੱਲੋਂ ਜਾਰੀ ਪਹਿਲੀ ਸੂਚੀ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਈਮਾਨ ਸਿੰਘ ਮਾਨ, ਕੋਟਕਪੂਰਾ ਤੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਨਸਾ ਤੋਂ ਗੁਰਸੇਵਕ ਸਿੰਘ ਜਵਾਹਰਕੇ ਅਤੇ ਪਟਿਆਲਾ ਦਿਹਾਤੀ ਤੋਂ ਪ੍ਰੋ. ਮਹਿੰਦਰਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਚੋਣ ਜ਼ਾਬਤੇ ਵਿੱਚ ਰਹਿ ਕੇ ਚੋਣਾਂ ਲੜਨਗੇ ਅਤੇ ਸਰਕਾਰ ਬਣਨ ਤੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਤੇ ਖ਼ਾਸ ਕਰਕੇ ਪਾਕਿਸਤਾਨ ਨਾਲ ਬਾਰਡਰ ਖੋਲ੍ਹ ਕੇ ਹਰ ਤਰ੍ਹਾਂ ਦਾ ਵਪਾਰ ਸ਼ੁਰੂ ਕਰਨ ਲਈ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਜ਼ਮੀਨੀ ਪੱਧਰ ਦੇ ਪਾਣੀ ਨੂੰ ਉੱਚਾ ਚੱਕਣ ,ਹੋਰਨਾਂ ਸੂਬਿਆਂ ਨੂੰ ਜਾਂਦੇ ਫਾਲਤੂ ਪਾਣੀ ਨੂੰ ਰੋਕਣ ਲਈ ਵੀ ਯਤਨ ਹੋਣਗੇ ਅਤੇ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਮੁਫ਼ਤ ਨਹੀਂ ਹੋਵੇਗੀ। ਪਰ ਹਾਲਾਤ ਅਜਿਹੇ ਬਣਾਏ ਜਾਣਗੇ ਕਿ ਕਿਸੇ ਵੀ ਪਰਿਵਾਰ ਨੂੰ ਔਖ ਨਹੀਂ ਝੱਲਣੀ ਪਵੇਗੀ।
ਸ. ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 84 ਕਤਲੇਆਮ ਦੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਕੇਜਰੀਵਾਲ ਹਾਲੇ ਤੱਕ ਵਿਧਾਨ ਸਭਾ ਵਿੱਚ ਮਤਾ ਪਾਸ ਨਹੀਂ ਕਰ ਸਕੇ, ਨਾ ਹੀ ਉਨ੍ਹਾਂ ਦੀ ਕੈਬਨਿਟ ਵਿੱਚ ਅੱਜ ਤਕ ਕਿਸੇ ਸਿੱਖ ਚਿਹਰੇ ਨੂੰ ਨੁਮਾਇੰਦਗੀ ਮਿਲੀ ਹੈ, ਫਿਰ ਉਹ ਪੰਜਾਬ ਵਿੱਚ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਬਿਆਨ ਕਿਉਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਏਜੰਡਾ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ, 328 ਸਰੂਪ ਸਭ ਚੋਰੀ ਹੋਣ ਦੇ ਮਾਮਲੇ ਦੀ ਜਾਂਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਤੌਰ ਤੇ ਚੋਣਾਂ ਕਰਵਾਉਣ ਦੇ ਯਤਨ ਅਤੇ ਨਸ਼ਿਆਂ ਖ਼ਿਲਾਫ਼ ਇੱਕ ਲਹਿਰ ਖੜ੍ਹੀ ਕਰਨਾ ਵੀ ਮੁੱਖ ਮੁੱਦਾ ਹੋਵੇਗਾ।
ਪਾਰਟੀ ਪ੍ਰਧਾਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਾਲੇ ਤੱਕ ਸਿੱਖਾਂ ਨੂੰ 84 ਕਤਲੇਆਮ, ਬਲਿਊ ਸਟਾਰ ਸਮੇਤ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਵਿੱਚ ਅਦਾਲਤਾਂ ਅੜਿੱਕਾ ਪਾਉਂਦੀਆਂ ਹਨ, ਇਸ ਲਈ ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਨਸਾਫ਼ ਲਈ ਆਪਣੀ ਸਰਕਾਰ ਬਣਾਉਣ ਲਈ ਅੱਗੇ ਆਉਣ। ਪੰਜਾਬ ਸਰਕਾਰ ਵੱਲੋਂ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਬਦਲ ਕੇ ਨਵੇਂ ਡੀਜੀਪੀ ਲਾਉਣ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਡੀਜੀਪੀ ਕੋਈ ਵੀ ਹੋਵੇ।
ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਖਾਲਸਾ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਸਿੰਘ ਬਾਲਿਆਂਵਾਲੀ, ਸੁਖਦੇਵ ਸਿੰਘ ਕਾਲਾ, ਹਰਫੂਲ ਸਿੰਘ ਬਠਿੰਡਾ, ਰਣਜੀਤ ਸਿੰਘ ਵਾਂਦਰ, ਅਮਰਿੰਦਰ ਸਿੰਘ, ਸਿਮਰਨਜੋਤ ਸਿੰਘ ਖਾਲਸਾ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਹਾਜ਼ਿਰ ਸਨ।