ਪੰਜਾਬਰਾਜਨੀਤੀ

ਕਿਸਾਨ ਅੰਦੋਲਨ ਤਿੰਨੇ ਕਾਨੂੰਨ ਵਾਪਸ ਕਰਵਾਉਣ ਅਤੇ ਐਮ.ਐਸ.ਪੀ. ਦੀ ਗਰੰਟੀ ਮਿਲਣ ਤੋਂ ਬਾਅਦ ਹੋਵੇਗਾ ‘ਸਮਾਪਤ’: ਕਿਸਾਨ ਆਗੂ

ਨਾਭਾ, 5 ਅਗਸਤ (ਵਰਿੰਦਰ ਵਰਮਾ) ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ਤੇ ਡੇਰੇ ਲਾਈ ਬੈਠਿਆਂ ਅੱਠ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਬਾਰਡਰ ਤੇ ਬੈਠੇ ਕਿਸਾਨ ਕੜਾਕੇ ਦੀ ਠੰਡ, ਜੇਠ-ਹਾੜ ਦੀ ਗਰਮੀ, ਹਨੇਰੀਆਂ, ਤੂਫਾਨ ਅਤੇ ਬਰਸਾਤਾਂ ਨੂੰ ਆਪਣੇ ਪਿੰਡੇ ਤੇ ਹੰਢਾ ਰਹੇ ਹਨ, ਪਰ ਕੇਂਦਰ ਦੀ ਸਰਕਾਰ ਕੰਨ ਟੇਢਾ ਕਰਕੇ ਆਪਣਾ ਟਾਈਮ ਟਪਾ ਰਹੀ ਹੈ। ਪਰ ਕਿਸਾਨ ਵੀ ਆਪਣੀਆਂ ਮੰਗਾਂ ਤੇ ਦ੍ਰਿੜ ਹਨ। ਜਦੋਂ ਤੱਕ ਸਰਕਾਰ ਤਿੰਨੇ ਕਾਨੂੰਨ ਵਾਪਿਸ ਨਹੀਂ ਲੈ ਲੈਂਦੀ ਅਤੇ ਐਮ.ਐਸ.ਪੀ ਦਾ ਕਾਨੂੰਨ ਨਹੀਂ ਬਣਾ ਦਿੰਦੀ, ਸੰਘਰਸ਼ ਇਸੇ ਤਰਾਂ ਚਲਦਾ ਰਹੇਗਾ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਦੇ ਮੀਤ ਪ੍ਰਧਾਨ ਸ: ਹਰਦੀਪ ਸਿੰਘ ਘਨੁੜਕੀ ਦੀ ਪ੍ਰਧਾਨਗੀ ਹੇਠ ਬੁਲਾਈ ਗਈ, ਅੱਜ ਦੀ ਵਿਸ਼ੇਸ਼ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਕਿਸਾਨਾਂ ਦਾ ਇੱਕ ਵੱਡਾ ਜੱਥਾ ਸੂਬਾ ਸਕੱਤਰ ਸ. ਘੁੰਮਣ ਸਿੰਘ ਰਾਜਗੜ੍ਹ ਦੀ ਅਗਵਾਈ ਵਿੱਚ ਨਾਭੇ ਸਟੇਸ਼ਨ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ।

ਇਸ ਮੌਕੇ ਸ: ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸ. ਘੁੰਮਣ ਸਿੰਘ ਰਾਜਗੜ੍ਹ ਸਕੱਤਰ ਪੰਜਾਬ ਨੇ ਮੀਟਿੰਗ ਵਿੱਚ ਆਏ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

Show More

Related Articles

Leave a Reply

Your email address will not be published.

Back to top button