
ਪੰਥ ਦੇ ਸਾਰੇ ਦੁਸ਼ਮਣਾਂ ਨੇ ਰਲ਼ ਕੇ ਓਨਾ ਨੁਕਸਾਨ ਨਹੀਂ ਕੀਤਾ, ਜਿਨ੍ਹਾਂ ਬਾਦਲ ਪਰਿਵਾਰ ਨੇ ਕੀਤਾ: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 3 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਬੇਅਦਬੀਆਂ ਦੇ ਬਹਾਨੇ ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵੋਟਾਂ ਬਟੋਰਨ ਲਈ ਅਖੌਤੀ ਪੰਥਕ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਜ਼ਬੂਤ ਕਰਨ ਦੀਆਂ ਦੋਹਾਈਆਂ ਦੇਣ ਵਾਲੇ ਬਾਦਲ ਪਰਿਵਾਰ ਨੇ ਹੀ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਸਮੇਂ ਪੰਥ ਨੂੰ ਸਭ ਤੋਂ ਵੱਧ ਖਤਰਾ ਬਾਦਲ ਪਰਿਵਾਰ ਤੋਂ ਹੈ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਰੂਹ ਦਾ ਕਤਲ ਕਰਕੇ ਪੰਜਾਬੀ ਪਾਰਟੀ ਬਣਾ ਦਿੱਤੀ ਹੈ ਅਤੇ ਬੇਅਦਬੀ ਮਾਮਲੇ ‘ਤੇ ਗੁਰਧਾਮਾਂ ਦੀ ਆੜ ਲੈਣ ਵਾਲੇ ਬਾਦਲਕੇ ਹੀ ਬੇਅਦਬੀਆਂ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਬਾਦਲਕੇ ਅੰਮ੍ਰਿਤਸਰ ਵਿੱਚ ਲਿਲਕੜੀਆਂ ਕੱਢ ਰਹੇ ਹਨ ਕਿ ਅਸੀਂ ਅਸਲੀ ਪੰਥਕ ਹਾਂ। ਜਦ ਕਿ ਸਿੱਖੀ ਦੇ ਸਾਰੇ ਦੁਸ਼ਮਣ ਰਲ਼ ਕੇ ਵੀ ਓਨਾ ਨੁਕਸਾਨ ਨਹੀਂ ਸਨ ਕਰ ਸਕਦੇ ਜਿਨ੍ਹਾਂ ਬਾਦਲ ਪਰਿਵਾਰ ਨੇ ਕਰ ਦਿੱਤਾ। ਖ਼ਾਲਸਾ ਪੰਥ ਦੇ ਸਿਧਾਂਤਾਂ ਦਾ ਘਾਣ ਕਰਨ ਵਾਲੇ ਬਾਦਲਕਿਆਂ ਨੂੰ ਕਦੇ ਬਖਸ਼ਿਆ ਨਹੀਂ ਜਾਵੇਗਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਸਿੱਖ ਕੌਮ ਨੂੰ ਜਵਾਬ ਦੇਣ ਕਿ ਇਹਨਾਂ ਦੀ ਸਰਕਾਰ ‘ਚ ਬੁਰਜ ਜਵਾਹਰਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਿਉਂ ਹੋਇਆ ? ਸਰੂਪ ਚੋਰੀ ਕਰਨ ਤੋਂ ਬਾਅਦ ਪੋਸਟਰ ਲਾ ਕੇ ਸਿੱਖ ਕੌਮ ਨੂੰ ਵੰਗਾਰਨ ਵਾਲੇ ਦੋਸ਼ੀਆਂ ਨੂੰ ਫੜਿਆ ਕਿਉਂ ਨਹੀਂ ? ਫਿਰ ਪਾਵਨ ਸਰੂਪ ਦੇ ਅੰਗ ਪਾੜ ਕੇ ਗਲੀਆਂ ਨਾਲੀਆਂ ‘ਚ ਖਿਲਾਰਨ ਵਾਲੇ ਦੁਸ਼ਟਾਂ ਨਾਲ ਯਾਰੀ ਕਿਉਂ ਨਿਭਾਈ ? ਤਖਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਆਪਣੇ ਨਿਵਾਸ ‘ਚ ਕਿਉਂ ਬੁਲਾਇਆ ? ਬਲਾਤਕਾਰੀ ਸਿਰਸੇ ਵਾਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਕਿਉਂ ਦਿਵਾਈ ? ਬੇਅਦਬੀਆ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ? ਬਹਿਬਲ ਕਲਾਂ ਅਤੇ ਬਗਰਾੜੀ ਗੋਲ਼ੀ ਕਾਂਡ ਕਿਉਂ ਕਰਵਾਇਆ ? ਸਿਰਸੇ ਵਾਲੇ ਦੀ ਮੁਆਫੀ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਫੰਡ ‘ਚੋਂ ਇੱਕ ਕਰੋੜ ਰੁਪਏ ਇਸ਼ਤਿਹਾਰਾਂ ‘ਤੇ ਕਿਉਂ ਖਰਚੇ ਗਏ ? ਬਹਿਬਲ ਕਲਾਂ, ਬਰਗਾੜੀ ਗੋਲ਼ੀ ਕਾਂਡ ਦੇ ਦੋਸ਼ੀ ਪੁਲਿਸ ਵਾਲਿਆਂ ਦੀ ਮਦਦ ਕਿਉਂ ਕੀਤੀ ? ਬੇਅਦਬੀ ਦੇ ਦੋਸ਼ੀਆਂ ਨਾਲ ਗੁਪਤ ਮੀਟਿੰਗਾਂ ਕਿਉਂ ਕੀਤੀਆਂ ? ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ‘ਚੋਂ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਕਿੱਥੇ ਗਏ ? ਦੋਸ਼ੀਆਂ ‘ਤੇ ਪਰਚੇ ਕਿਉਂ ਨਾ ਦਰਜ਼ ਕਰਵਾਏ ? ਕੌਮ ਨੂੰ ਆਰਐਸਐਸ ਵਾਲਿਆ ਕੋਲ ਕਿਉਂ ਵੇਚਿਆ ?
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹੀ ਪੰਜਾਬ ‘ਚ ਭਾਜਪਾ ਦੇ ਪੈਰ ਲਵਾਏ ਹਨ ਤੇ ਹੁਣ ਲੋਕਾਂ ਨੂੰ ਕਿਹੜੇ ਮੂੰਹ ਨਾਲ ਕਹਿੰਦੇ ਹਨ ਕਿ ਭਾਜਪਾ ਗਲਤ ਹੈ। ਜਦ ਮੋਦੀ ਨੂੰ ਦਰਬਾਰ ਸਾਹਿਬ ਲਿਆ ਕੇ, ਪੰਜਾਬ ਵਿਚ ਥਾਂ-ਥਾਂ ਸਿਰ ਤੇ ਦਸਤਾਰਾਂ ਸਜਾ ਕੇ, ਲੋਕਾਂ ਵਿਚਾਲੇ ਤਲਵਾਰਾਂ ਫੜਾਉਂਦੇ ਰਹੇ ਤੇ ਉਸ ਦਾ ਵਿਰੋਧ ਕਰਨ ਵਾਲੇ ਗੁਰਸਿੱਖਾਂ ‘ਤੇ ਜ਼ੁਲਮ ਕਰਦੇ ਰਹੇ, ਓਦੋਂ ਤੁਹਾਨੂੰ ਸ਼ਰਮ ਨਾ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਪੰਥ ਦਾ ਭਰੋਸਾ ਗਵਾ ਲਿਆ ਤੇ ਇਹ ਬੇਭਰੋਸਗੀ ਕਦੇ ਖਤਮ ਨਹੀਂ ਹੋ ਸਕਦੀ। ਪਰ ਫਿਰ ਵੀ ਬਾਦਲ ਪਿਓ-ਪੁੱਤ ਪੰਥ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਦੀ ਬਜਾਏ ਚਤੁਰਾਈਆਂ ਕਰਦੇ ਫਿਰਦੇ ਨੇ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਤੇ ਭਾਜਪਾ ਦੀ ਤਾਕਤ ਵਧਾਉਣ ਲਈ ਬਾਦਲਾਂ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਅਤੇ ਗਲਤ ਨੀਤੀਆਂ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਬਾਦਲਕੇ ਪੰਥ ਅਤੇ ਪੰਜਾਬ ਦੇ ਗ਼ੱਦਾਰ ਅਤੇ ਪੰਥ ਦੋਖੀਆਂ ਦੇ ਯਾਰ ਹਨ, ਖ਼ਾਲਸਾ ਪੰਥ ਅਤੇ ਪੰਜਾਬ ਵਾਸੀ ਇਹਨਾਂ ਦਾ ਬਾਈਕਾਟ ਕਰਨ।