
ਚੰਡੀਗੜ੍ਹ, 4 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਵਲੋਂ ਔਰਤਾਂ ਨੂੰ ਹਰ ਮਹੀਨੇ 2000 ਰੁਪਿਆ ਅਤੇ 8 ਗੈਸ ਸਿਲੰਡਰ ਮੁਫਤ ਦੇਣ ਦੇ ਵਾਅਦੇ ਤੇ ਤੰਜ ਕੱਸਦਿਆਂ ਪੰਜਾਬ ਬਸਪਾ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਬਸਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਪਹਿਲਾਂ ਤਾਂ ਸਿਰਫ਼ ਸੂਬੇ ਦੀ ਕਾਂਗਰਸ ਸਰਕਾਰ ਦਾ ਹੀ ਕਾਮੇਡੀ ਸ਼ੋਅ ਬਣਾਇਆ ਸੀ। ਪਰ ਹੁਣ ਉਨ੍ਹਾਂ ਦੇ ਆ ਰਹੇ ਬਿਆਨਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਸੂਬੇ ਦੀ ਸਿਆਸਤ ਨੂੰ ਵੀ ਉਹ ਕਾਮੇਡੀ ਸ਼ੋਅ ਹੀ ਬਣਾ ਚੁੱਕੇ ਹਨ।
ਸ. ਗੜ੍ਹੀ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਕ ਪਾਸੇ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਕਹਿ ਰਹੇ ਹਨ ਕਿ ਖ਼ਜ਼ਾਨੇ ਖਾਲੀ ਹਨ। ਬੀਤੇ ਸਾਲਾਂ ਵਿੱਚ ਪੰਜਾਬ ਸਰਕਾਰ ਵਿਚ ਮਾਫੀਆ ਦਾ ਰਾਜ ਰਿਹਾ, ਜਿਸ ਕਾਰਨ ਖਜ਼ਾਨੇ ਖਾਲੀ ਹੋ ਗਏ ਤੇ ਦੂਜੇ ਪਾਸੇ ਮਹਿਲਾਵਾਂ ਨੂੰ 8 ਸਿਲੰਡਰ ਅਤੇ ਦੋ ਹਜਾਰ ਰੁਪਏ ਮਹੀਨਾ ਦੇਣ ਦੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਸਿੱਧੂ ਨੂੰ ਸਿਰਫ਼ ਕਾਮੇਡੀ ਤੱਕ ਹੀ ਸੀਮਤ ਰੱਖਿਆ ਜਾਵੇ। ਇਸ ਤੋਂ ਜ਼ਿਆਦਾ ਉਸ ਦੇ ਪੱਲੇ ਕੁਝ ਵੀ ਨਹੀਂ ਤੇ ਨਾ ਹੀ ਕਿਸੇ ਨੂੰ ਕੁਝ ਹੋਰ ਮਿਲਣਾ ਹੈ।
ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਕਾਮੇਡੀਅਨ ਮਿਕੀ ਮਾਊਸ ਨੇ ਸਿਆਸਤ ਨੂੰ ਵੀ ਕਾਮੇਡੀ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਹੈ। ਜੋ ਕਿ ਕਿਧਰੇ ਵੀ ਬੈਠ ਕੇ ਆਪਣੇ ਝੂਠ ਦੀ ਪੰਡ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਰਫ ਵਿਸਵਾਸ਼ਘਾਤਜੀਤ ਵਾਂਗ ਖਿਲਾਰਣ ਲੱਗਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਕਾਂਗਰਸ ਪਾਰਟੀ ਨੇ ਇਕ ਜੋਕਰ ਤਾਸ਼ ਦੀ ਗੱਡੀ ਵਾਂਗ ਅੱਗੇ ਰੱਖਿਆ ਹੋਇਆ ਹੈ ਅਤੇ ਪਿੱਛੇ ਬੈਠੀ ਟੋਲੀ ਇਸ ਤੋਂ ਵੀ ਜ਼ਿਆਦਾ ਹਾਸੋਹੀਣੀ ਹੈ। ਜੋ ਕਿ ਲੋਕਾਂ ਦਾ ਮਨੋਰੰਜਨ ਕਰਨ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ। ਇਸ ਲਈ ਕਾਂਗਰਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ, ਸਗੋਂ ਕੁਝ ਪਲ ਹੱਸ ਕੇ ਬਿਤਾ ਲਏ ਜਾਣ।