
ਤਰਨਤਾਰਨ/ਫਿਰੋਜ਼ਪੁਰ, 4 ਜਨਵਰੀ (ਦ ਪੰਜਾਬ ਟੁਡੇ ਬਿਊਰੋ/ਅਸ਼ੋਕ ਭਾਰਦਵਾਜ) ਪ੍ਰਧਾਨ ਮੰਤਰੀ ਮੋਦੀ ਵਲੋਂ ਫਿਰੋਜ਼ਪੁਰ ਵਿੱਚ ਕੀਤੀ ਜਾ ਰਹੀ ਰੈਲੀ ਦਾ ਵਿਰੋਧ ਕਰਨ ਲਈ ਕਿਸਾਨਾਂ ਦੇ ਇਕ ਜੱਥੇ ਨੂੰ ਫਿਰੋਜ਼ਪੁਰ-ਤਰਨਤਾਰਨ ਬਾਰਡਰ ਤੇ ਪੰਜਾਬ ਪੁਲਿਸ ਵਲੋਂ ਰੋਕ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਾਮ 4 ਵਜੇ ਦੇ ਕਰੀਬ ਕੁਲਗੜੀ ਪਹੁੰਚਣ ਤੇ ਤਰਨਤਾਰਨ ਜ਼ਿਲ੍ਹੇ ਦੇ ਕਿਸਾਨ ਜੱਥੇ ਨੂੰ ਪੁਲਿਸ ਵਲੋਂ ਰੋਕਿਆ ਗਿਆ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਿਸ਼ਾਲ ਕਾਫਲੇ ਰੈਲੀ ਵਾਲੀ ਜਗ੍ਹਾ ਵੱਲ ਰਵਾਨਾ ਹੋਏ ਹਨ। ਸ. ਪੰਧੇਰ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਦਾ ਇਨਸਾਫ ਲੈਣ ਲਈ, ਐੱਮ.ਐੱਸ.ਪੀ. ਦੀ ਗਰੰਟੀ ਦਾ ਕਾਨੂੰਨ ਬਣਾਉਣ, ਦਿੱਲੀ ਪੁਲਿਸ ਸਮੇਤ ਸਾਰੇ ਰਾਜਾਂ ਵਿੱਚ ਕਿਸਾਨਾਂ ਮਜਦੂਰਾਂ ਉੱਤੇ ਪਾਏ ਕੇਸ ਵਾਪਸ ਲੈਣ ਆਦਿ ਮੰਗਾਂ ਦੀ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਦੇ ਕਾਫ਼ਲੇ ਨੂੰ ਰੈਲੀ ਵਾਲੀ ਜਗ੍ਹਾ ਤੋਂ ਦੂਰ (ਫਿਰੋਜ਼ਪੁਰ ਤੋਂ 12 ਕਿਲੋਮੀਟਰ ਦੂਰ ਕੁੱਲਗੜ੍ਹੀ ਵਿਖੇ) ਪੁਲਿਸ ਪ੍ਰਸਾਸ਼ਨ ਵੱਲੋ ਰੋਕਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਦੀ ਇਸ ਰੈਲੀ ਦਾ ਸ਼ਾਂਤਮਈ ਤਰੀਕੇ ਨਾਲ਼ ਵਿਰੋਧ ਕੀਤਾ ਜਾਵੇਗਾ ਅਤੇ ਮੰਗਾਂ ਪੂਰੀਆ ਹੋਣ ਤੱਕ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ।