
ਸ੍ਰੀ ਅੰਮ੍ਰਿਤਸਰ ਸਾਹਿਬ, 6 ਜਨਵਰੀ (ਜਗਮੀਤ ਸਿੰਘ) ਬਾਦਲਾਂ ਦੇ ਕਬਜੇ ਹੇਠਲੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਠਾਰ੍ਹਵੀਂ ਸਦੀ ਦੇ ਮਹਾਨ ਗੁਰਸਿੱਖਾਂ ਦੀ ਤੁਲਨਾ ਬਾਦਲ ਦਲ ਨਾਲ ਕਰਕੇ ਪੁਰਾਤਨ ਸੰੰਘਰਸ਼ਸ਼ੀਲ ਸਿੰਘਾਂ ਦਾ ਘੋਰ ਅਪਮਾਨ ਕੀਤਾ ਹੈ, ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੀਤਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਥਕ ਰੋਸ ਇਕੱਠ ਦੇ ਨਾਂਅ ਹੇਠ ਬਾਦਲਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਹਾਲ ‘ਚ ਕੀਤੀ ਸਿਆਸੀ ਰੈਲ਼ੀ ‘ਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਅਠਾਰ੍ਹਵੀਂ ਸਦੀ ਦੇ ਸਿੱਖਾਂ ਨੇ ਜ਼ਕਰੀਆ ਖ਼ਾਨ ਨਾਲ ਸਮਝੌਤਾ ਕੀਤਾ, ਫਿਰ ਬਾਅਦ ‘ਚ ਸਮਝੌਤਾ ਤੋੜਿਆ। ਹੁਣ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ਸਮਝੌਤਾ ਕੀਤਾ ਤੇ ਤੋੜਿਆ।
ਇਸ ਦੇ ਜਵਾਬ ‘ਚ ਸੰਘਰਸ਼ਸ਼ੀਲ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲਾਂ ਦੀ ਝੜੀ ‘ਚ ਘੇਰਦਿਆਂ ਕਿਹਾ ਕਿ ਕੀ ਅਠਾਰ੍ਹਵੀਂ ਸਦੀ ਦੇ ਸਿੱਖਾਂ ਨੇ ਆਪਣੀ ਕੌਮ ਕਿਸੇ ਕੋਲ ਵੇਚੀ ਸੀ ? ਕੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨਰਕਧਾਰੀ ਵਾਂਗੂ ਕਿਸੇ ਨੂੰ ਬਚਾਇਆ ਸੀ ? ਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਹੁੰਆਂ ਖਾ ਕੇ ਮੁੱਕਰੇ ਸੀ ? ਕੀ ਸੁਰਿੰਦਰ ਸਿੰਘ ਸੋਢੀ ਵਰਗੇ ਸੂਰਮਿਆਂ ਨੂੰ ਸ਼ਹੀਦ ਕਰਵਾਇਆ ਸੀ ? ਕੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਰਗੀ ਸ਼ਖਸੀਅਤ ਨੂੰ ਫੜਾਉਣ ਲਈ ਸਰਕਾਰ ਨੂੰ ਚਿੱਠੀਆਂ ਲਿਖੀਆਂ ਸਨ ? ਕੀ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਤੇ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ ਸੀ ? ਕੀ ਨੂਰਮਹਿਲੀਏ ਵਰਗੇ ਦੇਹਧਾਰੀ ਦੇ ਹੱਕ ‘ਚ ਸਿੱਖਾਂ ਤੇ ਗੋਲ਼ੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਅਤੇ ਜਖ਼ਮੀ ਕੀਤਾ ਸੀ ? ਕੀ ਸਿਰਸੇ ਵਰਗੇ ਬਲਾਤਕਾਰੀ ਦੀ ਮਦਦ ਕੀਤੀ ਸੀ ? ਕੀ ਬਹਿਬਲ ਕਲਾਂ ਤੇ ਬਰਗਾੜੀ ਵਰਗੇ ਕਾਂਡ ਵਪਰਾਏ ਸਨ ? ਕੀ 328 ਸਰੂਪ ਗੁੰਮ ਕੀਤੇ ਸਨ ?
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੇ ਬਾਦਲਾਂ ਦੀ ਚਾਪਲੂਸੀ ਹੀ ਕਰਨੀ ਹੈ ਤਾਂ ਜੰਮ-ਜੰਮ ਕਰੇ ਤੇ ਐਲਾਨੀਆ ਤੌਰ ‘ਤੇ ਬਾਦਲ ਦਲ ਦਾ ਬੁਲਾਰਾ ਹੀ ਬਣ ਜਾਵੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਨਾ ਕਰੇ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇਣ ਕੀ ਜਦ ਬਾਦਲਕਿਆਂ ਦਾ ਭਾਜਪਾ ਨਾਲ ਪਤੀ-ਪਤਨੀ ਤੇ ਨਹੁੰ-ਮਾਸ ਵਾਲ਼ਾ ਰਿਸ਼ਤਾ ਸੀ, ਓਦੋਂ ਇਨ੍ਹਾਂ ਨੇ ਕੌਮ ਦਾ ਕੀ ਭਲਾ ਕੀਤਾ ਸੀ ? ਕੀ ਬੰਦੀ ਸਿੰਘ ਰਿਹਾਅ ਕਰਵਾਏ ? ਕੀ ਸਿੱਖ ਕੌਮ ਨੂੰ ਵੱਖਰੀ ਕੌਮ ਦਾ ਦਰਜ਼ਾ ਦਿਵਾਇਆ ? ਅਨੰਦ ਮੈਰਿਜ਼ ਐਕਟ ‘ਚ ਸੋਧ ਕਰਵਾਈ ? ਕੌਮ ਦੇ ਕਾਤਲਾਂ ਨੂੰ ਸਜ਼ਾ ਦਿਵਾਈਆਂ ?
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਬਣਨਾ ਜਾਂ ਟੁੱਟਣਾ ਕੌਮ ਦੇ ਭਲੇ ਹਿੱਤ ਨਹੀਂ ਸੀ, ਬਲਕਿ ਬਾਦਲਾਂ ਦੇ ਆਪਣੇ ਨਿੱਜੀ ਹਿੱਤ ਸਨ। ਬੀਜੇਪੀ ਅਤੇ ਆਰਐੱਸਐੱਸ ਨਾਲ਼ ਰਲ਼ ਕੇ ਬਾਦਲਾਂ ਨੇ ਜੋ ਕੌਮ ਦਾ ਘਾਣ ਕੀਤਾ ਉਹ ਤਾਂ ਅਬਦਾਲੀ, ਜ਼ਕਰੀਆ ਤੇ ਫਰੁੱਖਸੀਅਰ ਵਰਗੇ ਵੀ ਨਹੀਂ ਸਨ ਕਰ ਸਕੇ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਕਹਿ ਰਿਹਾ ਕਿ ਬਾਦਲਾਂ ਦੀ ਵਾੜ ‘ਚ ਸਾਡੇ ਤਖਤ ਸੁਰੱਖਿਅਤ ਨੇ ਜਦ ਕਿ ਬਾਦਲਕੇ ਤਾਂ ਉਹ ਵਾੜ ਹਨ ਜਿਹੜੇ ਸਾਡੇ ਖੇਤ ਰੂਪੀ ਸਿੱਖੀ ਨੂੰ ਖਾ ਕੇ ਖ਼ਤਮ ਕਰ ਰਹੇ ਹਨ।