
ਚੰਡੀਗੜ੍ਹ, 6 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਗਏ ਵਿਰੋਧ ਬਾਰੇ ਆਪਣੇ ਟਵਿੱਟਰ ਅਕਾਊਂਟ ‘ਤੇ ਟਿੱਪਣੀ ਕੀਤੀ ਗਈ ਹੈ।
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ‘ਪੰਜਾਬ ਦੇ ਵਾਰਿਸਾਂ, ਮਾਵਾਂ ਅਤੇ ਭੈਣਾਂ ਨੇ ਜੋ ਠੰਡ, ਮੀਂਹ ਤੇ ਹਨੇਰੀ ਸਵਾ ਸਾਲ ਦਿੱਲੀ ਦੇ ਬਾਰਡਰਾਂ ਉਤੇ ਬੈਠ ਕੇ ਆਪਣੇ ਪਿੰਡੇ ‘ਤੇ ਹੰਡਾਈ, ਰੱਬ ਨੇ ਉਹਦਾ ਛੋਟਾ ਜਿਹਾ ਟ੍ਰੇਲਰ ਮੋਦੀ ਤੇ ਬੀਜੇਪੀ ਦੇ ਵਰਕਰਾਂ ਨੂੰ ਪੰਜਾਬ ਆਉਣ ‘ਤੇ ਅੱਜ ਦਿਖਾਇਆ ਹੈ। ਇਹ ਜਿਵੇਂ-ਜਿਵੇਂ ਪੰਜਾਬ ਵੱਲ ਨੂੰ ਵਧਣਗੇ, ਇਨ੍ਹਾਂ ਦੇ ਕੀਤੇ ਜ਼ੁਲਮਾਂ ਦਾ ਪਰਮਾਤਮਾ ਹਿਸਾਬ ਕਰੇਗਾ।’
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਲ ਫਿਰੋਜ਼ਪੁਰ ਦਾ ਆਪਣਾ ਦੌਰਾ ਅੱਧ-ਵਿਚਕਾਰ ਰੱਦ ਕਰ ਦਿੱਤਾ ਗਿਆ ਸੀ। ਜਿੱਥੇ ਉਨ੍ਹਾਂ ਵਲੋਂ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਅਤੇ ਉਸਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵਲੋਂ ਇੱਕ ਪਬਲਿਕ ਰੈਲੀ ਨੂੰ ਕੀਤਾ ਜਾਣਾ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਪ੍ਰਧਾਨ ਮੰਤਰੀ ਮੋਦੀ ਵਲੋਂ ਦੌਰਾ ਰੱਦ ਕਰ ਦਿੱਤਾ ਗਿਆ ਸੀ। ਜਿਸਦਾ ਕਿ ਕਿਸਾਨਾਂ ਵਲੋ ਇਸ ਦੌਰੇ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਿਸਾਨਾਂ ਵਲੋਂ ਕੀਤੇ ਗਏ ਰੋਸ਼ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਫਲਾਈਓਵਰ ਤੇ 15 ਤੋਂ 20 ਮਿੰਟਾਂ ਤੱਕ ਜਾਮ ਵਿੱਚ ਫਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਵੱਡੀ ਖਾਮੀ ਹੈ। ਸੁਰੱਖਿਆ ਖਾਮੀਆਂ ਕਾਰਨ ਪ੍ਰਧਾਨ ਮੰਤਰੀ ਨੂੰ ਫ਼ਿਰੋਜ਼ਪੁਰ ਜਾਂਦਿਆਂ ਰਾਹ ਵਿਚੋਂ ਮੁੜ ਬਠਿੰਡਾ ਹਵਾਈ ਅੱਡੇ ‘ਤੇ ਆਉਣਾ ਪਿਆ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਵਿਸਥਾਰ ਨਾਲ ਰਿਪੋਰਟ ਦੀ ਮੰਗ ਕੀਤੀ ਹੈ। ਗ੍ਰਹਿ ਮੰਤਰਾਲੇ ਵਲੋਂ ਪੰਜਾਬ ਸਰਕਾਰ ਨੂੰ ਸੁਰੱਖਿਆ ਖਾਮੀਆਂ ਲਈ ਜ਼ਿੰਮੇਵਾਰ ਲੋਕਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ।