
ਕਾਂਗਰਸ ਸਰਕਾਰ ਵਿੱਚ ਕੋਈ ਟੀਮ ਨਹੀਂ, ਪਾਰਟੀ ਆਗੂ ਹੀ ਇੱਕ ਦੂਜੇ ਦੇ ਵੈਰੀ ਹਨ: ਸ. ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ, 6 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ. ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਇਸ ਦਾ ਇੱਕ ਪਹਿਲੂ ਹੈ ਕਿ ਪੀਐੱਮ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਸੀ। ਪਰ ਇਸ ਦੇ ਨਾਲ ਹੀ ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਫਿਰੋਜ਼ਪੁਰ ਰੈਲੀ ਵਿੱਚ ਲੋਕਾਂ ਦਾ ਇਕੱਠ ਹੀ ਨਹੀਂ ਸੀ।”
ਸਾਬਕਾ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ “ਲੋਕ ਰੈਲੀ ਵਿੱਚ ਗਏ ਨਹੀਂ ਸਨ, ਜਿਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਬੀਜੇਪੀ ਪਾਰਟੀ ਨੂੰ ਪਸੰਦ ਨਹੀਂ ਕਰਦੇ। ਪੀਐੱਮ ਦੇ ਪ੍ਰੋਗਰਾਮ ‘ਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ, ਪਰ ਇਹ ਵੀ ਇੱਕ ਗੱਲ ਹੈ ਕਿ, ਉੱਥੇ ਇਕੱਠ ਵੀ ਨਹੀਂ ਸੀ। ਇਸ ਦੀ ਵਜ੍ਹਾ ਪੰਜਾਬ ‘ਚ ਬੀਜੇਪੀ ਪਾਰਟੀ ਨੂੰ ਲੋਕ ਨਹੀਂ ਚਾਹੁੰਦੇ। ਇਸ ਪਾਰਟੀ ਨੇ ਕਿਸਾਨੀ ਨਾਲ ਬਹੁਤ ਧੱਕਾ ਕੀਤਾ ਹੈ ਤੇ ਉਹ ਦੁਖੀ ਹਨ ਤੇ ਦੁਖੀ ਬੰਦਾ ਕੁੱਝ ਵੀ ਕਰ ਸਕਦਾ ਹੈ।”
ਸ. ਬਾਦਲ ਨੇ ਕਿਹਾ ਕਿ ਜਿਸ ਸੂਬੇ ਵਿੱਚ ਪ੍ਰਧਾਨ ਮੰਤਰੀ ਜਾਂਦੇ ਹਨ, ਉੱਥੇ ਸਰੁਖਿਆ ਦੀ ਜਿੰਮੇਵਾਰੀ ਉਸੇ ਸੂਬੇ ਦੀ ਹੁੰਦੀ ਹੈ। ਇਸ ਦੇ ਨਾਲ ਹੀ ਉਸ ਰਾਜ ਦਾ ਮੁੱਖ ਮੰਤਰੀ ਖੁਦ ਪ੍ਰਧਾਨ ਮੰਤਰੀ ਦਾ ਸੁਆਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਨਾਲਾਇਕ ਹੈ, ਤੇ ਕਾਂਗਰਸ ਸਰਕਾਰ ਵਿੱਚ ਟੀਮ ਨਹੀਂ ਹੈ। ਇਸ ਦੇ ਪਾਰਟੀ ਆਗੂ ਹੀ ਇੱਕ ਦੂਜੇ ਦੇ ਵੈਰੀ ਹਨ। ਇਹ ਇੱਕ ਦੂਜੇ ਨੂੰ ਸਾਨ੍ਹਾਂ ਵਾਂਗ ਦੇਖਣਾ ਹੀ ਨਹੀਂ ਚਾਹੁੰਦੇ। ਇਸ ਕਰਕੇ ਇਹ ਪੰਜਾਬ ਨੂੰ ਕੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਕ ਟੀਮ ਤੋਂ ਬਿਨਾਂ ਕੰਮ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਣ ਬਾਰੇ ਸਿਰਫ ਰਾਜਪਾਲ ਹੀ ਤੈਅ ਕਰ ਸਕਦੇ ਹਨ।