
ਫਿਰੋਜ਼ਪੁਰ, 7 ਜਨਵਰੀ (ਦ ਪੰਜਾਬ ਟੁਡੇ ਬਿਊਰੋ/ਅਸ਼ੋਕ ਭਾਰਦਵਾਜ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਸੁਰੱਖਿਆ ਖਾਮੀਆਂ ਦੀ ਜਾਂਚ ਲਈ ਕੇਂਦਰ ਸਰਕਾਰ ਦੀ ਤਿੰਨ ਮੈਂਬਰੀ ਕਮੇਟੀ ਨੇ ਅੱਜ ਫਿਰੋਜ਼ਪੁਰ ਪਹੁੰਚ ਕਿ ਆਪਣੀ ਜਾਂਚ ਦੀ ਸ਼ੁਰੂਵਾਤ ਕਰ ਦਿੱਤੀ। ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਕੈਬਨਿਟ ਸਕੱਤਰੇਤ ਦੇ ਸਕੱਤਰ (ਸੁਰੱਖਿਆ) ਸੁਧੀਰ ਕੁਮਾਰ ਸਕਸੈਨਾ ਕਰ ਰਹੇ ਹਨ ਅਤੇ ਇਸ ਵਿੱਚ ਆਈਬੀ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ ਅਤੇ ਐਸ.ਪੀ.ਜੀ. ਆਈ.ਜੀ. ਐਸ. ਸੁਰੇਸ਼ ਵੀ ਸ਼ਾਮਲ ਹਨ।
ਇਸ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ਨੂੰ ਕਿਸੇ ਹੋਰ ਮਾਮਲੇ ਵਾਂਗ ਨਹੀਂ ਛੱਡਿਆ ਜਾਣਾ ਚਾਹੀਦਾ। ਇਹ ਸਰਹੱਦ ਪਾਰ ਅੱਤਵਾਦ ਦਾ ਮਾਮਲਾ ਹੈ। ਅਜਿਹੇ ‘ਚ ਇਸ ਦੀ ਜਾਂਚ NIA ਅਧਿਕਾਰੀਆਂ ਦੀ ਨਿਗਰਾਨੀ ‘ਚ ਹੋਣੀ ਚਾਹੀਦੀ ਹੈ।
ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਮਨਿੰਦਰ ਸਿੰਘ ਨੇ ਸੁਣਵਾਈ ਦੌਰਾਨ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਕੌਮੀ ਸੁਰੱਖਿਆ ਦਾ ਮੁੱਦਾ ਹੈ ਤੇ ਇਸ ਘਟਨਾ ਦੀ ਪੇਸ਼ੇਵਰ ਤੌਰ ‘ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਲੀਲ ਦਿੰਦਿਆਂ ਕਿਹਾ ਕਿ ਰਾਜ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਦੀ ਜਾਂਚ ਲਈ ਅਧਿਕਾਰਤ ਨਹੀਂ ਹੈ। ਇਹ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਜਾਂਚ ਕਮੇਟੀ ਦੇ ਚੇਅਰਮੈਨ ‘ਤੇ ਸੇਵਾ-ਸੰਬੰਧੀ ਘਪਲੇ ਕਰਨ ਦੇ ਦੋਸ਼ ਲੱਗੇ ਹਨ।