
ਚੰਡੀਗੜ੍ਹ, 8 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਭਾਰਤ ਦੇ ਚੋਣ ਕਮਿਸ਼ਨ ਵਲੋਂ ਅੱਜ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਗੋਆ, ਪੰਜਾਬ, ਮਣੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਚੋਣ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸੂਬਿਆਂ ਵਿਚ ਚੋਣ ਜਾਬਜ਼ਾ ਵੀ ਲਾਗੂ ਹੋ ਗਿਆ ਹੈ। ਪੰਜ ਰਾਜਾਂ ਵਿਚ ਵੱਖ-ਵੱਖ ਪੜਾਵਾਂ ਵਿਚ ਚੋਣਾਂ ਹੋਣਗੀਆਂ। ਉੱਤਰਾਖੰਡ, ਪੰਜਾਬ ਅਤੇ ਗੋਆ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਜਦਕਿ ਮਨੀਪੁਰ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ।
ਚੋਣ ਕਮਿਸ਼ਨ ਨੇ ਦੱਸਿਆ ਕਿ ਪਹਿਲੇ ਪੜਾਅ ਵਜੋਂ ਉਤਰ ਪ੍ਰਦੇਸ਼ ਚੋਣਾਂ ਲਈ ਵੋਟਾਂ 10 ਫਰਵਰੀ ਨੂੰ ਪੈਣਗੀਆਂ, ਜਦਕਿ ਪੰਜਾਬ ਵਿਚ 14 ਫਰਵਰੀ ਨੂੰ ਇਕੋ ਗੇੜ ਵਿਚ ਵੋਟਾਂ ਪੈਣਗੀਆਂ। ਇਸ ਤੋਂ ਬਾਅਦ ਉਤਰ ਪ੍ਰਦੇਸ਼ ਵਿਚ 7 ਪੜਾਵਾਂ ਵਿੱਚ ਚੋਣਾਂ ਹੋਣਗੀਆਂ ਅਤੇ 10 ਫਰਵਰੀ ਨੂੰ ਪਹਿਲੇ ਪੜਾਅ ਦੀ ਪੋਲਿੰਗ ਤੇ 10 ਮਾਰਚ ਨੂੰ ਨਤੀਜੇ ਆਉਣਗੇ।
ਚੋਣ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਵਿੱਚ 21 ਜਨਵਰੀ ਤੋਂ ਨਾਮਜ਼ਦਗੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਦੀ ਆਖਰੀ ਮਿਤੀ 28 ਜਨਵਰੀ ਤੇ ਪੜਤਾਲ 29 ਜਨਵਰੀ ਨੂੰ ਹੋਵੇਗੀ। ਜਦਕਿ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਗਿਣਤੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦੱਸਿਆ ਕਿ 15 ਜਨਵਰੀ ਤੱਕ ਸਾਰੀਆਂ ਰੈਲੀਆਂ, ਪੈਦਲ ਯਾਤਰਾ, ਰੋਡ ਸ਼ੋਅ, ਸਾਈਕਲ, ਬਾਈਕ ਰੈਲੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।