
ਚੰਡੀਗੜ੍ਹ, 10 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਡਰੱਗ ਕੇਸ ਮਾਮਲੇ ‘ਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰੀ ਫਿਰ ਦੁਬਾਰਾ ਤੋਂ ਭਖ ਗਈ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਹਾਈਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਉਥੇ ਹੀ ਕਾਂਗਰਸ ਪਾਟੀ ਵਲੋਂ ਕਿਹਾ ਗਿਆ ਹੈ ਕਿ ‘ਹਾਲੇ ਕੇਸ ਖ਼ਤਮ ਨਹੀਂ ਹੋਇਆ ਹੈ।’
ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ, ‘ਉਹ ਹਾਈਕੋਰਟ ਦੇ ਫ਼ੈਸਲਾ ਦਾ ਸਵਾਗਤ ਕਰਦੇ ਹਨ।’ ਉਨ੍ਹਾਂ ਕਿਹਾ ਕਿ “ਇਸ ਫ਼ੈਸਲੇ ਨਾਲ ਮਜੀਠੀਆ ਵਿਰੁਧ ਵੱਡੀ ਸਾਜਿਸ਼, ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਵਰਗੇ ਸ਼ਾਮਲ ਸਨ ਅਤੇ ਇਸ ਝੂਠ ਨੂੰ ਇੰਨਾ ਵੱਡਾ ਬਣਾਇਆ ਗਿਆ ਸੀ ਕਿ ਉਹ ਪਹਾੜ ਅੱਜ ਅਦਾਲਤ ਵਿੱਚ ਢਹਿ ਢੇਰੀ ਹੋ ਗਿਆ ਹੈ।”
ਸ. ਚੀਮਾ ਨੇ ਕਿਹਾ ਕਿ ਜਿਵੇਂ ਇਹ ਅਕਾਲੀ ਆਗੂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ, ਉਸ ਨੇ ਸਮੂਹ ਪੰਜਾਬ ਦੇ ਲੋਕਾਂ ਦਾ ਸਿਰ ਨੀਂਵਾਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਦਾ ਛੇਤੀ ਪਰਦਾਫਾਸ਼ ਹੋਵੇਗਾ ਅਤੇ ਜਦੋਂ ਅਜਿਹਾ ਹੋਵੇਗਾ ਤਾਂ ਇਸ ਨੂੰ ਘੜਨ ਵਾਲਿਆਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਟਵੀਟ ਰਾਹੀਂ ਇਸ ਨੂੰ ਇਨਸਾਫ ਦੀ ਜਿੱਤ ਕਿਹਾ ਹੈ। ਪੰਜਾਬ ਹਾਈਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ “ਜੇਕਰ ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਜਮਾਨਤ ਦੇ ਦਿੱਤੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੋ ਕੇ ਉਹ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ‘ਹਾਲੇ ਕੇਸ ਖ਼ਤਮ ਨਹੀਂ ਹੋਇਆ ਹੈ।’