
ਮੋਗਾ ਤੋਂ ਮਾਲਵਿਕਾ ਸੂਦ ਅਤੇ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਕੀਤਾ ਐਲਾਨ
ਚੰਡੀਗੜ੍ਹ 15 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਪਾਰਟੀ ਵਲੋਂ ਕੁੱਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਉਥੇ ਨਵੇਂ ਉਮੀਦਵਾਰਾਂ ਨੂੰ ਚੋਣਾਂ ਵਿੱਚ ਖੜਾ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੋ ਜਗ੍ਹਾ ਤੋਂ ਲੜਨ ਦੀਆਂ ਸੰਭਾਵਨਾ ਨੂੰ ਰੱਦ ਕਰਦੇ ਹੋਏ ਇੱਕ ਵਾਰ ਫਿਰ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਹੀ ਟਿਕਟ ਦਿਤੀ ਗਈ ਹੈ। ਜਦਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਆਪਣੀ ਮੌਜੂਦਾ ਸੀਟ ਡੇਰਾ ਬਾਬਾ ਨਾਨਕ ਤੋਂ ਹੀ ਚੋਣ ਟਿਕਟ ਦਿੱਤੀ ਗਈ ਹੈ।
ਪਾਰਟੀ ਵਲੋਂ ਕਾਦੀਆਂ ਦੇ ਮੌਜੂਦਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਟਿਕਟ ਨਾ ਮਿਲਣ ਦੀ ਸੰਭਾਵਨਾ ਨੂੰ ਦੇਖਦਿਆਂ ਪਿਛਲੇ ਦਿਨੀ ਭਾਜਪਾ ਦਾ ਪੱਲਾ ਪਕੜ ਲੈਣ ਤੋਂ ਬਾਅਦ ਪਾਰਟੀ ਵਲੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਟਿਕਟ ਦਿੱਤੀ ਗਈ ਹੈ। ਜਦਕਿ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਸੈਂਟਰਲ ਤੋਂ ਉਮੀਦਵਾਰ ਹੋਣਗੇ।
ਪਾਰਟੀ ਵਲੋਂ ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਨੂੰ ਵੱਡਾ ਝਟਕਾ ਦਿੰਦੇ ਹੋਏ, ਪਿੱਛਲੇ ਦਿਨੀ ਪਾਰਟੀ ਨਾਲ ਜੁੜਣ ਵਾਲੀ ਬਾਲੀਵੁੱਡ ਐਕਟਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦਿਤੀ ਗਈ ਹੈ। ਜਦਕਿ ਮੈਲੁਟ ਤੋਂ ਮੌਜੂਦਾ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਟਿਕਟ ਕੱਟਦੇ ਹੋਏ ਆਪ ਪਾਰਟੀ ਛੱਡ ਕੇ ਤੋਂ ਕਾਂਗਰਸ ਪਾਰਟੀ ਨਾਲ ਜੁੜਣ ਵਾਲੀ ਰੁਪਿੰਦਰ ਰੂਬੀ ਨੂੰ ਟਿਕਟ ਦਿਤੀ ਗਈ ਹੈ।
ਪਾਰਟੀ ਵਲੋਂ ਮਾਨਸਾ ਵਿੱਚ ਵੱਡਾ ਦਾਅ ਖੇਡਦੇ ਹੋਏ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਨਾਲ ਜੁੜਣ ਵਾਲੇ ਮੌਜੂਦਾ ਵਿਧਾਇਕ ਨਜ਼ਰ ਸਿੰਘ ਮਾਨਸ਼ਾਹੀਆ ਦੀ ਟਿਕਟ ਕੱਟ ਕੇ ਉਥੋਂ ਪੰਜਾਬੀ ਗਾਇਕ ਸ਼ੁਬਦੀਪ ਸਿੰਘ (ਸਿੱਧੂ ਮੂਸੇਵਾਲਾ) ਨੂੰ ਚੋਣਾਂ ਵਿੱਚ ਖੜਾ ਕੀਤਾ ਗਿਆ ਹੈ। ਲਿਸਟ ਜਾਰੀ ਹੋਣ ਤੋਂ ਬਾਅਦ ਪੰਜਾਬ ਵਿੱਚ ਕਈ ਜਗ੍ਹਾ ਤੇ ਕਾਂਗਰਸ ਪਾਰਟੀ ਦਾ ਵਿਰੋਧ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਹੁਣ ਇਹ ਦੇਖਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਇਸ ਵਿਰੋਧ ਨੂੰ ਕਿਸ ਤਰ੍ਹਾਂ ਸੰਭਾਲਦੀ ਹੈ।