
ਚੰਡੀਗੜ੍ਹ, 15 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਪਾਰਟੀ ਵਲੋਂ ਕੁੱਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਉਥੇ ਨਵੇਂ ਉਮੀਦਵਾਰਾਂ ਨੂੰ ਚੋਣਾਂ ਵਿੱਚ ਖੜਾ ਕੀਤਾ ਗਿਆ ਹੈ। ਅੰਦਰੂਨੀ ਵਿਰੋਧ ਦੇ ਬਾਵਜੂਦ ਪਾਰਟੀ ਵਲੋਂ ਪੰਜਾਬੀ ਗਾਇਕ ਸ਼ੁਬਦੀਪ ਸਿੰਘ ‘ਸਿੱਧੂ ਮੂਸੇਵਾਲਾ’ ਨੂੰ ਮਾਨਸਾ ਤੋਂ ਟਿਕਟ ਦਿੱਤੀ ਗਈ ਹੈ।
ਪਾਰਟੀ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਮਾਨਸਾ ਤੋਂ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਨਾਲ ਜੁੜਣ ਵਾਲੇ ਮੌਜੂਦਾ ਵਿਧਾਇਕ ਨਜ਼ਰ ਸਿੰਘ ਮਾਨਸ਼ਾਹੀਆ ਦੀ ਟਿਕਟ ਕੱਟ ਕੇ ਉਥੋਂ ਪੰਜਾਬੀ ਗਾਇਕ ਸ਼ੁਬਦੀਪ ਸਿੰਘ (ਸਿੱਧੂ ਮੂਸੇਵਾਲਾ) ਨੂੰ ਚੋਣਾਂ ਵਿੱਚ ਖੜਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਪਣੀ ਟਿਕਟ ਕੱਟੇ ਜਾਣ ਦੇ ਡਰ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਰਾਹੁਲ ਗਾਂਧੀ ਨੂੰ ਚਿੱਠੀ ਵੀ ਲਿਖੀ ਗਈ ਸੀ। ਜਦਕਿ ਸਿੱਧੂ ਮੂਸੇਵਾਲਾ ਵਲੋਂ ਵੀ ਟਿਕਟ ਲਈ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਗਈ ਸੀ।
ਹੁਣ ਇਹ ਦੇਖਣਾ ਹੋਵੇਗਾ ਕਿ ਪਾਰਟੀ ਨਜਰ ਸਿੰਘ ਮਾਨਸ਼ਾਹੀਆ ਅਤੇ ਉਸਦੇ ਵਰਕਰਾਂ ਨੂੰ ਪਾਰਟੀ ਨਾਲ ਕਿਸ ਤਰ੍ਹਾਂ ਜੋੜ ਕੇ ਰੱਖਦੀ ਹੈ। ਸਿਧਿ ਮੂਸੇਵਾਲਾ ਨੂੰ ਟਿਕਟ ਮਿਲਣ ਤੋਂ ਬਾਅਦ ਮਾਨਸਾ ਦੀਆਂ ਚੋਣਾਂ ਵਿਚ ਲੋਕਾਂ ਦੀ ਦਿਲਚਸਪੀ ਵੱਧ ਗਈ ਹੈ। ਦੇਖਣਾ ਹੋਵੇਗਾ ਕੇ ਹਿਸ ਤਰ੍ਹਾਂ ਗੀਤਕਾਰੀ ਵਿੱਚ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਇਆ ਹੈ, ਕੀ ਉਸੇ ਤਰ੍ਹਾਂ ਉਹ ਮਾਨਸਾ ਤੋਂ ਵਿਧਾਇਕ ਬਣ ਕੇ ਆਪਣੇ ਵਿਰੋਧੀਆਂ ਦੇ ਮੂੰਹ ਬੰਦ ਕਰ ਸਕਣਗੇ ਜਾ ਨਹੀਂ।