
ਬੇਅਦਬੀਆਂ ਸਬੰਧੀ ਇਕ ਪਾਸੜ ਬੈਠਕਾਂ ਬੁਲਾਉਣ ਨਾਲ ਸ਼ੱਕ ਪੈਣਾ ਕੁਦਰਤੀ
ਚੰਡੀਗੜ੍ਹ, 5 ਅਗਸਤ: ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਭੱਖਦੇ ਸਿੱਖ ਮਸਲਿਆਂ ਸਬੰਧੀ ਫ਼ੈਸਲੇ ਨਿਰਪੱਖਤਾ ਨਾਲ ਲੈਣ ਤਾਂ ਜੋ ਮੌਜ਼ੂਦਾ ਬਣੇ ਹਾਲਾਤਾਂ ’ਚ ਸਮੂਹ ਸਿੱਖ ਸੰਗਠਨਾਂ ’ਚ ਸੰਤੁਲਨ ਬਣਿਆ ਰਹੇ ਅਤੇ ਕੋਈ ਵੀ ਵਾਦ-ਵਿਵਾਦ ਜਨਤਕ ਨਾ ਹੋਵੇ। ਸਾਬਕਾ ਸਪੀਕਰ 26 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਮੀਟਿੰਗ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ। ਉਨ੍ਹਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਇਕ ਸੰਗੀਨ ਮਸਲਾ ਹੈ। ਕੌਮ ਇਸ ਦਾ ਇਨਸਾਫ਼ ਉਡੀਕ ਰਹੀ ਹੈ। ਸਿੱਖਾਂ ’ਚ ਚਰਚਾ ਹੈ ਕਿ 26 ਦੀ ਬੈਠਕ ਨਿਰੋਲ ਇਕਪਾਸੜ ਸੀ, ਇਸ ਤਰ੍ਹਾਂ ਕਰਨ ਨਾਲ ਸ਼ੱਕ ਪੈਣਾ ਕੁਦਰਤੀ ਹੈ। ਬੇਅਦਬੀਆਂ ਦਾ ਫ਼ੈਸਲਾ ਲੇਟ ਹੋਣ ਨਾਲ ਪੰਥਕ ਸਫ਼ਾਂ ’ਚ ਬੇਹੱਦ ਰੋਹ ਹੈ।
ਰਵੀਇੰਦਰ ਸਿੰਘ ਅਨੁਸਾਰ ਸਮੂਹ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਤੇ ਇਸ ਦੇ ਮੁੱਖੀ ਦਾ ਫ਼ੈਸਲਾ, ਹਰ ਸਿੱਖ ਨੇ ਮੰਨਣਾ ਅਤੇ ਸੇਧ ਲੈਣੀ ਹੈ। ਪਰ ਫ਼ੈਸਲਾ ਨਿਰਪੱਖ ਤੇ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਣਾ ਚਾਹੀਦਾ, ਜਿਸ ਤਰ੍ਹਾਂ ਪਿਛਲੇ 10-15 ਸਾਲਾ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਜਥੇਦਾਰ ਸਾਹਿਬ ਇਕ ਧਿਰ ਨੂੰ ਤਰਜੀਹ ਦੇ ਰਹੇ ਹਨ। ਸਾਬਕਾ ਸਪੀਕਰ ਨੇ ਲੁਧਿਆਣਾ ਦੀ ਕੁੜੱਤਣ ਭਰੀ ਘਟਨਾ ਬਾਰੇ ਸਪੱਸ਼ਟ ਕੀਤਾ ਕਿ ਜਥੇਦਾਰ ਸਾਹਿਬ ਸੁਪਰੀਮ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੌਮ ਦੀ ਧਾਰਮਿਕ ਤੇ ਰਾਜਨੀਤਿਕ ਸੰਸਥਾ ਹੈ। ਇਹ ਪ੍ਰਭੂਸੱਤਾ ਸੰਪੰਨ ਹੈ। ਇਸ ਮਹਾਨ ਸੰਸਥਾ ਦੀ ਮਰਿਯਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਨਿਸ਼ਚਿਤ ਕੀਤੀ ਸੀ। ਗੁਰਮਤਿ ਅਨੁਸਾਰ ਧਰਮ ਬਗੈਰ ਰਾਜਨੀਤੀ ਅੰਨੀ ਹੈ। ਸਿਆਸਤ ਸਮਾਜ ਦਾ ਅਹਿਮ ਅੰਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਪੰਥਕ ਸਰਗਰਮੀਆਂ ਦਾ ਰਾਜਾਸੀ ਕੇਂਦਰ ਹੈ, ਜੋ ਮੀਰੀ ਪੀਰੀ ਦੇ ਸਿਧਾਂਤ ’ਤੇ ਅਧਾਰਿਤ ਹੈ ਪਰ ਧਰਮ ਸਿਆਸਤ ਤੋਂ ਉਪਰ ਹੈ।
ਰਵੀਇੰਦਰ ਸਿੰਘ ਨੇ ਜਥੇਦਾਰ ਨੂੰ ਜ਼ੋਰ ਦਿੱਤਾ ਕਿ ਉਹ ਬਾਦਲ ਦੇ ਪ੍ਰਭਾਵ ਤੇ ਦਬਾਅ ਦੀ ਥਾਂ ਠੋਸ ਫ਼ੈਸਲੇ ਪੂਰਨ ਅਜ਼ਾਦੀ ਤੇ ਨਿਰਪੱਖਤਾ ਨਾਲ ਲੈਣ, ਕੌਮ ਸਦਾ ਯਾਦ ਕਰੂੰਗੀ।