
ਫਿਰੋਜ਼ਪੁਰ 5 ਅਗਸਤ (ਅਸ਼ੋਕ ਭਾਰਦਵਾਜ) ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੇ ਅਹੁਦੇਦਾਰਾਂ ਵੱਲੋਂ ਇਕ ਹੰਗਾਮੀ ਮੀਟਿੰਗ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕੀਤੀ ਗਈ। ਜਿਸ ਵਿਚ ਪ੍ਰਧਾਨ ਮੋਨਿਕਾ ਬੇਦੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਰੈਗੂਲਰ ਕਰਨ ਲਈ ਪੰਜ ਸਾਲ ਤੋਂ ਸਾਡੀ ਜਥੇਬੰਦੀ ਨਾਲ ਕਈ ਵਾਰ ਮੀਟਿੰਗ ਕੀਤੀ ਗਈ। ਕਈ ਵਾਰ ਲਾਰੇ ਵੀ ਲਾਏ ਗਏ, ਪਰ ਅੱਜ ਤਕ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ। ਅੱਜ ਪੂਰੇ ਪੰਜਾਬ ਵਿੱਚ ਮੁਲਾਜ਼ਮ ਜਥੇਬੰਦੀਆਂ ਵਿਚ ਪੂਰਾ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 29 ਜੁਲਾਈ ਨੂੰ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਕੈਪਟਨ ਸਰਕਾਰ ਦਾ ਪਟਿਆਲਾ ਵਿੱਚ ਜਾ ਕੇ ਪਿੱਟ ਸਿਆਪਾ ਕਰਨ ਮਗਰੋਂ ਸਰਕਾਰ ਨੇ ਇਕ ਝੂਠਾ ਜਿਹਾ ਵਾਧਾ 66000 ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫਿਰ ਕਰ ਦਿੱਤਾ ਗਿਆ, ਪਰ ਇਸ ਵਿਚ ਬਹੁਤ ਜ਼ਿਆਦਾ ਸ਼ਰਤਾਂ ਰੱਖ ਦਿੱਤੀਆਂ ਗਈਆਂ ਹਨ। ਜਿਸ ਨਾਲ ਕਿ 6600 ਮੁਲਾਜ਼ਮ ਵੀ ਪੱਕਾ ਨਹੀਂ ਹੋ ਸਕੇਗਾ। ਇਹ ਸਿਰਫ਼ ਨਿਊਜ਼ ਚੈਨਲਾਂ ਤੇ ਇੱਕ ਚੋਣ ਸਟੰਟ ਬਣ ਕੇ ਹੀ ਰਹਿ ਜਾਵੇਗਾ।
ਮੈਡਮ ਸ਼ੈਲੀ ਨੇ ਬੋਲਦਿਆਂ ਦੱਸਿਆ ਕਿ 4 ਅਗਸਤ ਨੂੰ ਜਥੇਬੰਦੀ ਪੰਜਾਬ ਦੀ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ, ਜਿਸ ਵਿੱਚ 17 ਤਰੀਕ ਨੂੰ ਸੂਬੇ ਭਰਦੇ ਪੰਜਾਬ ਏਡਜ਼ ਕੰਟਰੋਲ ਅਧੀਨ ਆਉਂਦੇ ਆਈ.ਸੀ.ਟੀ.ਸੀ ਸੈਂਟਰ, ਓਟ ਸੈਂਟਰ, ਏ.ਆਰ.ਟੀ. ਸੈਂਟਰ, ਬਲੱਡ ਬੈਂਕ ਅਤੇ ਜਿੰਨੇ ਵੀ ਪੰਜਾਬ ਏਡਜ਼ ਕੰਟਰੋਲ ਅਧੀਨ ਆਉਂਦੇ ਆਊਟਸੋਰਸ ਤੇ ਕੰਮ ਕਰਦੇ ਸਮੂਹ ਮੁਲਾਜ਼ਮਾਂ ਵੱਲੋਂ ਕੈਪਟਨ ਦੀ ਕੋਠੀ ਵਿਖੇ ਰੈਲੀ ਕਰਕੇ ਕੈਪਟਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿਚ ਫਿਰੋਜ਼ਪੁਰ ਦੇ ਸਮੂਹ ਕੌਂਸਲਰ ਐਲਟੀ ਸਟਾਫ ਨਰਸ ਕੰਪਿਊਟਰ ਆਪਰੇਟਰ ਇਸ ਰੈਲੀ ਵਿਚ ਵੱਧ ਚਡ਼੍ਹ ਕੇ ਯੋਗਦਾਨ ਪਾਉਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮਜਬੂਰ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਕੌਰ, ਵੰਦਨਾ, ਸਵਿਤਾ, ਅਮਨਦੀਪ ਸ਼ਰਮਾ, ਮਨਪ੍ਰੀਤ ਕੌਰ, ਰਜਨੀ, ਪੁਨੀਤਾ, ਪ੍ਰਵੀਨ, ਕਿਰਨ ਬਾਲਾ, ਸੁਖਰਾਜ ਆਦਿ ਹਾਜ਼ਰ ਸਨ। ਅਖੀਰ ਵਿੱਚ ਮਲਟੀਪਰਪਜ਼ ਮੇਲ ਫੀਮੇਲ ਯੂਨੀਅਨ ਦੇ ਪੰਜਾਬ ਦੇ ਮੀਤ ਪ੍ਰਧਾਨ ਅਤੇ ਪੈਰਾ ਮੈਡੀਕਲ ਯੂਨੀਅਨ ਫਿਰੋਜ਼ਪੁਰ ਦੇ ਜ਼ਿਲ੍ਹਾ ਆਗੂ ਨਰਿੰਦਰ ਸ਼ਰਮਾ ਨੇ ਮੰਗਾਂ ਨੂੰ ਜਾਇਜ਼ ਦੱਸਦੇ ਹੋਏ, ਇਨ੍ਹਾਂ ਦੀ ਪਟਿਆਲਾ ਰੈਲੀ ਵਿਚ ਵੱਧ ਚਡ਼੍ਹ ਕੇ ਇਨ੍ਹਾਂ ਦੀ ਸਪੋਰਟ ਕਰਨ ਦੀ ਜ਼ਿੰਮੇਵਾਰੀ ਲਈ।