ਕ੍ਰਾਈਮਪੰਜਾਬ
Trending

ਪਟਿਆਲਾ ਪੁਲਿਸ ਨੇ ਨੌਜਵਾਨ ਦੇ ਕਤਲ ਦਾ ਮਾਮਲਾ 12 ਘੰਟਿਆਂ ‘ਚ ਸੁਲਝਾਇਆ, ਦੋ ਮੁਰਜ਼ਿਮ ਕਾਬੂ

Patiala police solved murder case of youth in 12 hours, arrested two culprits

ਵਾਰਦਾਤ ‘ਚ ਵਰਤਿਆ ਛੁਰਾ ਤੇ ਮੋਟਰਸਾਇਕਲ ਵੀ ਬਰਾਮਦ: ਡਾ. ਨਾਨਕ ਸਿੰਘ

ਪੰਜਾਬੀ ਯੂਨੀਵਰਸਿਟੀ ਦੇ ਆਸ-ਪਾਸ ਪੁਲਿਸ ਵੱਲੋਂ ਵਰਤੀ ਜਾਵੇਗੀ ਹੋਰ ਸਖ਼ਤੀ: ਐਸ.ਐਸ.ਪੀ.

ਪਟਿਆਲਾ, 7 ਅਪ੍ਰੈਲ (ਦੀ ਪੰਜਾਬ ਟੂਡੇ ਬਿਊਰੋ) ਪਟਿਆਲਾ ਪੁਲਿਸ ਨੇ ਇੱਥੇ ਥਾਣਾ ਲਾਹੌਰੀ ਗੇਟ ਦੇ ਅਧੀਨ ਬੀਤੇ ਦਿਨ ਹੋਏ ਇੱਕ ਕਤਲ ਦੇ ਮਾਮਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਸੁਲਝਾਅ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਤੋਂ ਵਾਰਦਾਤ ‘ਚ ਵਰਤਿਆ ਛੁਰਾ ਅਤੇ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ।

ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਐਸ.ਪੀ. ਸਿਟੀ ਹਰਪਾਲ ਸਿੰਘ, ਡੀ.ਐਸ.ਪੀ. ਸਿਟੀ-1 ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਥਾਣਾ ਲਾਹੌਰੀ ਗੇਟ ਦੇ ਮੁਖੀ ਐਸ.ਆਈ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਟੀਮ ਨੇ ਇਹ ਮਾਮਲਾ ਹੱਲ ਕਰ ਲਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਮ੍ਰਿਤਕ, ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਸ਼ਮੇਸ਼ ਨਗਰ, ਪਟਿਆਲਾ ਦੀ ਉਮਰ ਕੋਈ ਸਾਢੇ 18 ਕੁ ਸਾਲ ਸੀ ਅਤੇ ਉਹ ਪੀਜ਼ੇ ਵਾਲੀ ਰੇਹੜੀ ‘ਤੇ ਕੰਮ ਕਰਦਾ ਸੀ। ਜਦੋਂਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੋਨੋ ਉਰਫ਼ ਸਨੀ ਉਰਫ਼ ਬਾਜਾ ਅਤੇ ਸ਼ੁਭਮ ਕੁਮਾਰ ਸੀਬੂ ਪੁਤਰਾਨ ਵਿਨੋਦ ਕੁਮਾਰ ਵਾਸੀਅਨ 66 ਕੇ.ਵੀ. ਗਰਿਡ ਕਲੋਨੀ ਪਟਿਆਲਾ ਵੀ 18-20 ਸਾਲ ਦੇ ਹਨ। ਮੁਢਲੀ ਪੜਤਾਲ ਤੋਂ ਇਨ੍ਹਾਂ ਦੀ ਪਹਿਲਾਂ ਕੋਈ ਆਪਸੀ ਦੁਸ਼ਮਣੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਹੋਰ ਵਜ੍ਹਾ ਹੀ ਸਾਹਮਣੇ ਆਈ ਹੈ।

ਉਨ੍ਹਾਂ ਕਿਹਾ ਕਿ ਪ੍ਰਿਤਪਾਲ ਸਿੰਘ ਵੀ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਇਹ ਦੋਵੇਂ ਵੀ ਮੱਥਾ ਟੇਕਣ ਗਏ ਸਨ, ਜਿੱਥੇ ਇਨ੍ਹਾਂ ਦਾ ਗਾਲ ਕੱਢਣ ਨੂੰ ਲੈਕੇ ਮਾਮੂਲੀ ਤਕਰਾਰ ਹੋਇਆ ਅਤੇ ਇਸ ਤਕਰਾਰਬਾਜੀ ‘ਚ ਹੀ ਸੋਨੋ ਅਤੇ ਸ਼ੁਭਮ ਸੀਬੂ ਨੇ ਛੁਰਾ ਮਾਰ ਦਿੱਤਾ ਜੋ ਕਿ ਉਸਦੇ ਸੀਨੇ ‘ਚ ਲੱਗਣ ਕਰਕੇ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੋਵਾਂ ਵਿਰੁੱਧ ਪਹਿਲਾਂ ਕੋਈ ਮਾਮਲਾ ਦਰਜ ਹੋਣਾਂ ਨਹੀਂ ਪਾਇਆ ਗਿਆ ਪਰੰਤੂ ਇਹ ਬਦਮਾਸ਼ੀ ਕਰਨ ਦੇ ਆਦੀ ਸਨ।

ਡਾ. ਨਾਨਕ ਸਿੰਘ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਪੁਲਿਸ ਵੱਲੋਂ ਪੰਜਾਬੀ ਯੂਨੀਵਰਸਿਟੀ ਨੇੜੇ ਬੀਤੇ ਦਿਨ ਵਾਪਰੀ ਕਤਲ ਦੀ ਵਾਰਦਾਤ ਨੂੰ ਵੀ ਜਲਦ ਹੀ ਸੁਲਝਾਅ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਮਾਮਲੇ ਵਿੱਚ ਵੀ ਦੋਵਾਂ ਧਿਰਾਂ ਦੀ ਕੋਈ ਆਪਸੀ ਪੁਰਾਣੀ ਦੁਸ਼ਮਣੀ ਜਾਂ ਕੋਈ ਗੈਂਗਵਾਰ ਸਾਹਮਣੇ ਨਹੀਂ ਆਈ ਸਗੋਂ ਮਰਨ ਵਾਲਾ ਮਾਮੂਲੀ ਲੜਾਈ ‘ਚ ਸੁਲ੍ਹਾ ਕਰਵਾਉਣ ਆਇਆ ਸੀ ਅਤੇ ਦੋਵੇਂ ਧਿਰਾਂ ਆਪਸ ‘ਚ ਦੋਸਤਾਨਾਂ ਸਬੰਧ ਰੱਖਦੀਆਂ ਸਨ।

ਐਸ.ਐਸ.ਪੀ. ਨੇ ਹੋਰ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਗੱਲ ਕਰਕੇ ਧਾਰਾ 144 ਦੇ ਹੁਕਮ ਲਾਗੂ ਕਰਵਾ ਕੇ ਜਲਦ ਹੀ ਪੰਜਾਬੀ ਯੂਨੀਵਰਸਿਟੀ ਦੇ ਆਸ-ਪਾਸ ਪੀ.ਜੀਜ ਅਤੇ ਹੋਟਲਾਂ ਨੂੰ ਰਜਿਸਟਰਡ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਸਮੇਤ ਗਾਰਡ ਰੱਖਣ ਤੋਂ ਇਲਾਵਾ ਬਿਨ੍ਹਾਂ ਵੈਰੀਫਿਕੇਸ਼ਨ ਕਿਸੇ ਨੂੰ ਕਮਰਾ ਨਾ ਦੇਣ ਲਈ ਪਾਬੰਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੀ.ਸੀ.ਆਰ. ਦੀ ਤਾਇਨਾਤੀ ਅਤੇ ਪੰਜਾਬੀ ਯੂਨੀਵਰਸਿਟੀ ‘ਚ ਧੜੇਬਾਜੀ ਦੇ ਪੋਸਟਰ ਲਾਉਣ ‘ਤੇ ਪਾਬੰਦੀ ਆਇਦ ਕਰਨ ਸਮੇਤ ਕੋਈ ਬਦਮਾਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button