
ਨੰਗਲ, 7 ਅਪ੍ਰੈਲ (ਦੀ ਪੰਜਾਬ ਟੂਡੇ ਬਿਊਰੋ) ਅੱਜ ਨੰਗਲ ਵਿਖੇ ਟੂਰਿਸਟ ਕੰਪਲੈਕਸ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਟੂਰਿਸਟ ਕੰਪਲੈਕਸ ਦੀ ਇਹ ਹਾਲਤ ਹੋਈ ਹੈ। ਇਸ ਨੂੰ ਦੁਬਾਰਾ ਸ਼ੁਰੂ ਕਰਨ ਲਈ ਨਵੀਂ ਬਿਲਡਿੰਗ ਉਸਾਰਨੀ ਪਵੇਗੀ, ਕਿਉਂਕਿ ਪੁਰਾਣੀ ਬਿਲਡਿੰਗ ਬਹੁਤ ਹੀ ਖਸਤਾ ਹਾਲਤ ਵਿਚ ਹੈ। ਉਨ੍ਹਾਂ ਕਿਹਾ ਕੇ ਸਿਰਫ਼ ਇਹ ਕੰਪਲੈਕਸ ਹੀ ਨਹੀਂ ਬਲਕਿ ਨੰਗਲ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹੋਰ ਵੀ ਕਈ ਪ੍ਰੋਜੈਕਟਾਂ ਉੱਤੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਾ ਹੀ ਸੱਟਾ ਤੇ ਨਾ ਹੀ ਨਸ਼ਿਆਂ ਦਾ ਕਾਰੋਬਾਰ ਹੋਣ ਦੇਵਾਗੇ। ਪੰਜਾਬ ਪੁਲਿਸ ਤੁਹਾਡੀ ਸੇਵਾਦਾਰ ਹੈ ਅਤੇ ਹਰ ਕੋਈ ਤੁਹਾਨੂੰ ਠੀਕ ਢੰਗ ਨਾਲ ਪੇਸ਼ ਆਵੇਗਾ।
ਜ਼ਿਕਰਯੋਗ ਹੈ ਕੇ ਨੰਗਲ ਦਾ ਟੂਰਿਸਟ ਕੰਪਲੈਕਸ ਜਿਸ ਨੂੰ ਕਦੰਬਾ ਟੂਰਿਸਟ ਕੰਪਲੈਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਕਦੰਬਾ ਟੂਰਿਸਟ ਕੰਪਲੈਕਸ ਚਲਦਾ ਸੀ ਤਾਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇਸ ਵਿੱਚ ਰੁਕਦੇ ਸਨ। ਜਿਸ ਨਾਲ ਨੰਗਲ ਦੇ ਰੁਜ਼ਗਾਰ ਵਿੱਚ ਵੀ ਕਾਫੀ ਵਾਧਾ ਹੁੰਦਾ ਸੀ, ਪਰ ਹੁਣ ਇਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਦੀਵਾਰਾਂ ਅਤੇ ਛੱਤਾਂ ਤੇ ਵੱਡੇ ਵੱਡੇ ਦਰਖ਼ਤ ਉੱਗ ਚੁੱਕੇ ਹਨ ਤੇ ਇਹ ਕੰਪਲੈਕਸ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਜਿਸ ਕਰਕੇ ਸਥਾਨਕ ਲੋਕਾਂ ਦੁਆਰਾ ਇਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਜਦੋ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਇਸ ਕੰਪਲੈਕਸ ਦਾ ਦੌਰਾ ਕਰ ਇਕ ਨਵੀਂ ਬਿਲਡਿੰਗ ਉਸਾਰ ਕੇ ਇਸਨੂੰ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ।
ਇਥੇ ਦੱਸਣਯੋਗ ਹੈ ਕੇ ਭਾਖੜਾ ਡੈਮ ਬਣਨ ਦੇ ਨਾਲ ਹੋਂਦ ਵਿਚ ਆਇਆ ਕਦੰਬਾ ਟੂਰਿਸਟ ਕੰਪਲੈਕਸ ਜੋ ਕਿ ਕਰੀਬ 16 ਸਾਲ ਪਹਿਲਾਂ ਬੰਦ ਹੋ ਚੁੱਕਾ ਹੈ। ਜਿਸ ਦੀ ਬਿਲਡਿੰਗ ਵੀਰਾਂਨ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਰਕੇ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਸਥਾਨਕ ਲੋਕਾਂ ਵਲੋਂ ਇਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਪਿੱਛਲੇ ਕਈ ਦਹਾਕੇ ਤੋਂ ਕੀਤੀ ਜਾ ਰਹੀ ਹੈ। ਪਰ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਸ਼ੁਰੂ ਕਰਨ ਲਈ ਕਦੀ ਹਾਂ-ਪੱਖੀ ਨਾਅਰਾ ਨਹੀਂ ਮਾਰਿਆ।