
ਪਿੰਡਾਂ ਦੇ ਵਿਕਾਸ ਲਈ ਫਿਰੋਜ਼ੁਪਰ ਡਵੀਜਨ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫਿਰੋਜ਼ਪੁਰ 7 ਅਪ੍ਰੈਲ (ਦੀ ਪੰਜਾਬ ਟੂਡੇ ਬਿਊਰੋ) ਪੰਜਾਬ ਦੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਅੱਜ ਕੈਬਿਨੇਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੇ ਬੜਾ ਭਰੋਸਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਹਨ। ਹੁਣ ਸਾਡੀ ਜਿੰਮੇਵਾਰੀ ਹੈ ਕਿ ਜੋ ਵੀ ਸਾਡੇ ਵੱਲੋਂ ਵਾਅਦੇ ਜਾਂ ਗਰੰਟੀਆਂ ਦਿੱਤੀਆਂ ਗਈਆਂ ਸਨ, ਉਸ ਨੂੰ ਪੂਰਾ ਕਰਨਾ ਹੈ। ਇਸ ਲਈ ਸਾਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ।
ਸ. ਧਾਲੀਵਾਲ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਵਿਚ ਜੋ ਵੀ ਕੰਮ ਕਰਵਾਏ ਗਏ ਹਨ, ਉਹ ਬਿਲਕੁਲ ਵੀ ਯੋਜਨਾਬੱਧ ਤਰੀਕੇ ਨਾਲ ਨਹੀਂ ਕਰਵਾਏ ਗਏ ਹਨ। ਪਰ ਹੁਣ ਹਰ ਕੰਮ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾਵੇਗਾ ਤਾਂ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਜੋ ਸੁਪਨਾ ਹੈ, ਉਸ ਨੂੰ ਪੂਰਾ ਕੀਤਾ ਜਾ ਸਕੇ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਪਹਿਲਾਂ ਜੋ ਵੀ ਵਿਕਾਸ ਦੇ ਕੰਮ ਜਿਵੇ ਕਿ ਗਲੀਆਂ, ਨਾਲੀਆਂ ਆਦਿ ਹੁੰਦੇ ਸਨ, ਉਹ ਬਹੁਤ ਹੀ ਜਲਦੀ ਨਾਲ ਟੁੱਟ ਜਾਂਦੇ ਜਾ ਖਰਾਬ ਹੋ ਜਾਂਦੇ ਸਨ, ਕਿਉਂਕਿ ਉਹ ਬਿਨਾਂ ਕਿਸੇ ਯੋਜਨਾ ਜਾਂ ਬਿਨਾਂ ਕੋਈ ਲੈਵਲ ਕਰ ਕੇ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਜੋ ਵੀ ਕੰਮ ਕਰਵਾਇਆ ਜਾਵੇਗਾ, ਉਹ ਪੂਰਾ ਤਸਲੀਬਖਸ਼ ਹੋਵੇਗਾ ਅਤੇ ਇਸ ਕੰਮ ਵਿਚ ਜੇਕਰ ਕੋਈ ਅਧਿਕਾਰੀ ਕਰਮਚਾਰੀ ਕੋਈ ਅਣਗਿਹਲੀ ਕਰੇਗਾ ਜਾਂ ਕਰੱਪਸ਼ਨ ਕਰੇਗਾ ਤਾਂ ਉਸ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਕਰਪਸ਼ਨ ਮੁਕਤ ਪੰਜਾਬ ਬਣਾਉਣਾ ਹੈ, ਇਸ ਲਈ ਜੇਕਰ ਕੋਈ ਵੀ ਰਿਸ਼ਵਤਖੋਰੀ ਕਰਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਿੰਡਾਂ ਵਿਚ ਗ੍ਰਾਮ ਸਭਾ ਵੀ ਬਣਾਈਆਂ ਜਾਣਗੀਆਂ ਤਾਂ ਜੋ ਪਿੰਡਾਂ ਦੇ ਵਿਕਾਸ ਲਈ ਪਿੰਡ ਪੱਧਰ ਤੇ ਹੀ ਸਾਰੇ ਫੈਂਸਲੇ ਲਏ ਜਾ ਸਕਣ। ਉਨ੍ਹਾਂ ਕਿਹਾ ਕਿ ਐਨਆਰਆਈਜ ਨੂੰ ਪਿੰਡਾਂ ਦੇ ਵਿਕਾਸ ਦੇ ਕੰਮਾਂ ਨਾਲ ਜੋੜਿਆ ਜਾਵੇਗਾ। ਜਿਸ ਲਈ ਹਰ ਪਿੰਡ ਦੇ ਐਨ.ਆਰ.ਆਈਜ. ਦਾ ਡਾਟਾ ਤਿਆਰ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਪਿੰਡਾਂ ਦਾ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੰਚਾਇਤੀ ਐਕਟ ਨੂੰ ਪੰਜਾਬੀ ਵਿਚ ਕਰਵਾ ਕੇ ਪਿੰਡਾਂ ਵਿਚ ਸਰਪੰਚਾ ਨੂੰ ਦਿੱਤਾ ਜਾਵੇਗਾ ਅਤੇ ਕੋਈ ਵੀ ਕਾਰਵਾਈ ਐਕਟ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਕਰਪੱਸ਼ਨ ਦੇ ਮਾਮਲੇ ਵਿਚ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ।
ਇਸ ਤੋਂ ਪਹਿਲਾ ਫਿਰੋਜ਼ਪੁਰ ਵਿਖੇ ਪਹੁੰਚਣ ਤੇ ਕੈਬਨਿਟ ਮੰਤਰੀ ਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜ਼ਰਾਲ, ਡੀਡੀਪੀਓ ਹਰਜਿੰਦਰ ਸਿੰਘ ਸਮੇਤ ਫਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਤੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।